ਜਲੰਧਰ ਦੇ ਕਿਰਾਏ ਦੇ ਮਕਾਨ ਦੇ ਬਾਥਰੂਮ ’ਚੋਂ ਤਿਰਪਾਲ ’ਚ ਲਪੇਟੀ ਲਾਸ਼ ਬਰਾਮਦ, ਇਲਾਕੇ ’ਚ ਸਨਸਨੀ
ਜਲੰਧਰ ਦੇ ਸ਼ੇਰ ਸਿੰਘ ਕਾਲੋਨੀ ਇਲਾਕੇ ਵਿੱਚ ਇੱਕ ਕਿਰਾਏ ਦੇ ਮਕਾਨ ਦੇ ਬਾਥਰੂਮ ਵਿਚੋਂ ਤਿਰਪਾਲ ਵਿੱਚ ਲਪੇਟੀ ਹੋਈ ਇੱਕ ਲਾਸ਼ ਬਰਾਮਦ ਹੋਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਲਾਸ਼ ਕਈ ਦਿਨ ਪੁਰਾਣੀ ਹੋਣ ਕਾਰਨ ਬੁਰੀ ਤਰ੍ਹਾਂ ਗਲ-ਸੜ ਚੁੱਕੀ ਸੀ, ਜਿਸ ਕਰਕੇ ਮੌਕੇ ’ਤੇ ਉਸ ਦੀ ਪਛਾਣ ਨਹੀਂ ਹੋ ਸਕੀ।
ਜਾਣਕਾਰੀ ਅਨੁਸਾਰ ਦੋ ਮੰਜ਼ਿਲਾ ਮਕਾਨ ਦੀ ਹੇਠਲੀ ਮੰਜ਼ਿਲ ’ਤੇ ਇੱਕ ਪਰਿਵਾਰ ਰਹਿੰਦਾ ਹੈ, ਜਦਕਿ ਉੱਪਰਲਾ ਹਿੱਸਾ ਕਿਰਾਏ ’ਤੇ ਦਿੱਤਾ ਹੋਇਆ ਸੀ। ਗੁਆਂਢੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉੱਪਰ ਰਹਿਣ ਵਾਲੇ ਕਿਰਾਏਦਾਰ ਪਿਛਲੇ ਤਿੰਨ-ਚਾਰ ਦਿਨਾਂ ਤੋਂ ਨਜ਼ਰ ਨਹੀਂ ਆ ਰਹੇ ਸਨ ਅਤੇ ਕਮਰੇ ਨੂੰ ਤਾਲਾ ਲੱਗਾ ਹੋਇਆ ਸੀ। ਇਸ ਦੌਰਾਨ ਮਕਾਨ ਵਿੱਚੋਂ ਤੇਜ਼ ਬਦਬੂ ਆਉਣੀ ਸ਼ੁਰੂ ਹੋ ਗਈ।
ਪਹਿਲਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਨੇੜੇ ਕੋਈ ਜਾਨਵਰ ਮਰਿਆ ਹੋਵੇਗਾ, ਪਰ ਜਦੋਂ ਬਦਬੂ ਲਗਾਤਾਰ ਵਧਦੀ ਗਈ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ’ਤੇ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਤਾਲਾ ਖੁਲਵਾਕੇ ਕਮਰੇ ਦੀ ਤਲਾਸ਼ੀ ਲਈ। ਜਾਂਚ ਦੌਰਾਨ ਬਾਥਰੂਮ ਅੰਦਰੋਂ ਤਿਰਪਾਲ ਵਿੱਚ ਲਪੇਟੀ ਲਾਸ਼ ਬਰਾਮਦ ਹੋਈ।
ਏਸੀਪੀ ਆਤਿਸ਼ ਭਾਟੀਆ ਨੇ ਦੱਸਿਆ ਕਿ ਲਾਸ਼ ਕਈ ਦਿਨ ਪੁਰਾਣੀ ਲੱਗਦੀ ਹੈ। ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਕਾਨ ਮਾਲਕ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਜਿਸ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਫਿਲਹਾਲ ਪੁਲਿਸ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਮ੍ਰਿਤਕ ਦੀ ਪਛਾਣ ਸਮੇਤ ਮੌਤ ਦੇ ਕਾਰਨਾਂ ਦੀ ਜਾਂਚ ਵਿੱਚ ਜੁਟੀ ਹੋਈ ਹੈ। ਪੋਸਟਮਾਰਟਮ ਰਿਪੋਰਟ ਅਤੇ ਪਛਾਣ ਹੋਣ ਤੋਂ ਬਾਅਦ ਹੀ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਆ ਸਕੇਗੀ।
Edit
