ਜਲੰਧਰ,(ਵਿਕੀ ਸੂਰੀ)- ਸ਼ਹਿਰ ਵਿਚ ਕੱਲ ਬੀਤੀ ਰਾਤ ਕੁਝ ਨੌਜਵਾਨਾਂ ਨੇ ਥਾਣਾ ਨੰ. 4 ਵਿਚ ਪੈਂਦੇ ਲਵਲੀ ਸਵੀਟ ਹਾਊਸ ਦੇ ਬਾਹਰੋਂ ਇਕ ਨੌਜਵਾਨ ਨੂੰ ਚੁੱਕਿਆ ਤੇ ਉਸ ਦੀ ਕੁੱਟਮਾਰ ਕੀਤੀ ਤੇ ਉਸ ਨੂੰ ਕੁੱਟਦੇ ਹੋਏ ਬਸਤੀ ਸ਼ੇਖ ਘਾਹ ਮੰਡੀ ਦੇ ਨਜਦੀਕ ਬਣੇ ਹੋਏ ਕੁਆਰਟਰ ਵਿਚ ਲੈ ਗਏ ਤੇ ਉੱਥੇ ਜਾ ਕੇ ਵੀ ਪੀੜਤ ਦੀ ਕਾਫੀ ਕੁੱਟਮਾਰ ਕੀਤੀ ਗਈ। ਦੱਸ ਦੇਈਏ ਕਿ ਪੀੜਤ ਨੌਜਵਾਨ ਦਾ ਨਾਮ ਚਿਰਾਗ ਸ਼ਰਮਾ ਹੈ ਜੋ ਕਿ ਕੋਟ ਬਾਜਾਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਜਦੋਂ ਇਲਾਕੇ ਵਿਚ ਰੋਲਾ ਪੈ ਗਿਆ ਤਾਂ ਉਕਤ ਨੌਜਵਾਨ ਨੇ ਚਿਰਾਗ ਗੁੜਮੰਡੀ ਲੈ ਗਏ ਤੇ ਉਥੇ ਜਾ ਕੇ ਵੀ ਉਸ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਫਿਰ ਉਕਤ ਨੌਜਵਾਨਾਂ ਚਿਰਾਗ ਨੂੰ ਅਲੀ ਮੁਹੱਲੇ ਦੇ ਨਜਦੀਕ ਲਿਜਾ ਕੇ ਛੱਡ ਦਿੱਤਾ।
ਛੱਡਣ ਦਾ ਕਾਰਨ ਇਹ ਹੈ ਕਿ ਬਸਤੀਆਤ ਖੇਤਰਾਂ ਵਿਚ ਰੌਲਾ ਪੈ ਗਿਆ ਸੀ ਕਿ ਨੌਜਵਾਨ ਨੂੰ ਅਗਵਾ ਕੀਤਾ ਗਿਆ ਹੈ। ਇਸ ਤੋਂ ਬਾਅਦ ਚਿਰਾਗ ਦੇ ਲਾਪਤਾ ਹੋਣ ਤੇ ਉਸ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਜਿਨ੍ਹਾਂ ਨੌਜਵਾਨਾਂ ਨੇ ਪੀੜਤ ਨੌਜਵਾਨ ਦੀ ਕੁੱਟਮਾਰ ਕੀਤੀ ਹੈ ਉਹ ਵੀ ਬਸਤੀ ਸ਼ੇਖ ਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਪੀੜਤ ਚਿਰਾਗ ਸ਼ਰਮਾ ਨੇ ਕਿਸੇ ਰਾਹਗੀਰ ਕੋਲੋਂ ਫੋਨ ਲੈ ਕੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਆਪਣੀ ਹਾਲਤ ਬਾਰੇ ਦੱਸਿਆ। ਜਿਸ ਤੋਂ ਬਾਅਦ ਪੀੜਤ ਦਾ ਭਰਾ ਰੱਜਤ ਆਪਣੇ ਦੋਸਤ ਨੂੰ ਨਾਲ ਲੈ ਕੇ ਚਿਰਾਗ ਕੋਲੋ ਪਹੁੰਚਿਆ ਅਤੇ ਉਸ ਨੂੰ ਸਿਵਿਲ ਹਸਪਤਾਲ ਵਿਚ ਦਾਖਲ ਕਰਵਾਇਆ ਤੇ ਐਮਐਲਆਰ ਕੱਟਵਾ ਕੇ ਥਾਣਾ ਨੰ. 4 ਵਿਚ ਦੇ ਦਿੱਤੀ। ਫਿਲਹਾਲ ਅਜੇ ਤੱਕ ਉਨ੍ਹਾਂ ਨੌਜਵਾਨਾਂ ਦੀ ਪਛਾਣ ਨਹੀਂ ਹੋ ਸਕੀ ਹੈ,ਜਿਨ੍ਹਾਂ ਨੇ ਇਹ ਸਾਰੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਹਾਲਾਂਕਿ ਚਿਰਾਗ ਸ਼ਰਮਾ ਦੇ ਬਿਆਨਾਂ ਤੋਂ ਬਾਅਦ ਉਕਤ ਨੌਜਵਾਨਾਂ ਦੀ ਪਛਾਣ ਹੋ ਸਕੇਗੀ। ਦੱਸ ਦੇਈਏ ਇੰਨਾਂ ਸਭ ਕੁਝ ਹੋ ਜਾਣ ਦੇ ਬਾਵਜੂਦ ਵੀ ਪ੍ਰਸ਼ਾਸ਼ਨ ਬੇਖਬਰ ਹੈ। ਇਹ ਸਾਰੀ ਘਟਨਾ ਥਾਣਾ ਨੰ. 4 ਦੇ ਏਰੀਏ ਵਿਚ ਵਾਪਰੀ ਪਰ ਬੜੀ ਦੁਖ ਵਾਲੀ ਗੱਲ ਹੈ ਕਿ ਪੁਲਸ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਹੈ।