ਅੱਜ ਸਵੇਰੇ ਬਾਈਕ ਸਵਾਰ ਤਿੰਨ ਬਦਮਾਸ਼ਾਂ ਨੇ ਲੁਧਿਆਣਾ ਦੇ ਜਮਾਲਪੁਰ ਨੇੜੇ ਲੇਬਰ ਕਲੋਨੀ ਵਿੱਚ ਇੱਕ ਸੁਨਿਆਰੇ ਦੀ ਦੁਕਾਨ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਬਦਮਾਸ਼ ਗਾਹਕ ਬਣ ਕੇ ਦੁਕਾਨ ‘ਤੇ ਆਏ। ਪਹਿਲੇ ਦੋ ਲੁਟੇਰੇ ਦੁਕਾਨ ਦੇ ਬਾਹਰ ਖੜ੍ਹੇ ਸਨ। ਇਕ ਬਦਮਾਸ਼ ਦੁਕਾਨ ਦੇ ਅੰਦਰ ਆਇਆ ਅਤੇ ਦੁਕਾਨਦਾਰ ਨੂੰ ਸੋਨੇ ਦੀ ਮੁੰਦਰੀ ਦਿਖਾਉਣ ਲਈ ਕਿਹਾ। ਉਸ ਨੇ ਉਸ ਨੂੰ ਮੁੰਦਰੀ ਦਿਖਾਈ, ਜਿਸ ਦੀ ਕੀਮਤ ਕਰੀਬ 14 ਹਜ਼ਾਰ ਰੁਪਏ ਸੀ। ਇਸ ਦੌਰਾਨ ਬਦਮਾਸ਼ ਨੇ ਕੜਾ ਮੰਗਣਾ ਸ਼ੁਰੂ ਕਰ ਦਿੱਤਾ। ਉਸ ਨੇ ਕੜਾ ਪਾ ਵੀ ਲਿਆ।
ਮੁ੍ੰਦਰੀ ਹੱਥ ਵਿਚ ਫੜਦੇ ਹੀ ਲੁਟੇਰਿਆਂ ਨੇ ਤੁਰੰਤ ਦੁਕਾਨਦਾਰ ‘ਤੇ ਪਿਸਤੌਲ ਤਾਣ ਦਿੱਤੀ। ਬਾਹਰ ਖੜ੍ਹਾ ਉਸ ਦਾ ਸਾਥੀ ਵੀ ਅੰਦਰ ਵੜਿਆ ਤੇ ਹੱਥੋਪਾਈ ਕਰਨ ਲਈ ਲੱਗਾ। ਦਿਲੇਰੀ ਵਿਖਾਉਂਦੇ ਹੋਏ ਦੁਕਾਨਦਾਰ ਨੇ ਵੀ ਬਦਮਾਸ਼ਾਂ ਦਾ ਮੁਕਾਬਲਾ ਕੀਤਾ। ਹੱਥੋਪਾਈ ਦੌਰਾਨ ਦੁਕਾਨ ਵਿੱਚ ਪਏ ਡੰਡੇ ਨਾਲ ਉਸ ਨੇ ਲੁਟੇਰਿਆਂ ‘ਤੇ ਵਾਰ ਕੀਤਾ। ਸ਼ੋਰ-ਸ਼ਰਾਬਾ ਮਚਣ ਤੋਂ ਬਾਅਦ ਬਦਮਾਸ਼ ਮੌਕੇ ਤੋਂ ਸੋਨੇ ਦੀ ਅੰਗੂਠੀ ਤੇ ਕੜਾ ਲੈ ਕੇ ਬਾਈਕ ‘ਤੇ ਫਰਾਰ ਹੋ ਗਏ।
ਜਾਣਕਾਰੀ ਮੁਤਾਬਕ ਲੇਬਰ ਕਾਲੋਨੀ ‘ਚ ਮੁੰਨਾ ਜਵੈਲਰ ਦੀ ਦੁਕਾਨ ਹੈ। ਦੁਕਾਨਦਾਰ ਮੁੰਨਾ ਨੇ ਦੱਸਿਆ ਕਿ ਉਹ ਦੁਕਾਨ ’ਤੇ ਬੈਠਾ ਸੀ। ਉਦੋਂ ਬਾਈਕ ‘ਤੇ ਦੋ ਬਦਮਾਸ਼ ਆਏ, ਜਿਨ੍ਹਾਂ ਨੇ ਉਸ ਨੂੰ ਮੁੰਦਰੀ ਦਿਖਾਉਣ ਲਈ ਕਿਹਾ। ਮੁੰਦਰੀ ਦੇਖ ਕੇ ਤੁਰੰਤ ਉਨ੍ਹਾਂ ਨੇ ਆਪਣੀ ਪਿਸਤੌਲ ਉਸ ਵੱਲ ਤਾਕ ਦਿੱਤੀ। ਬਦਮਾਸ਼ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਉਸ ਨੇ ਬਦਮਾਸ਼ਾਂ ਦਾ ਮੁਕਾਬਲਾ ਕੀਤਾ ਅਤੇ ਡੰਡੇ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਭਜਾ ਦਿੱਤਾ।
ਬਦਮਾਸ਼ਾਂ ਨੇ ਭੱਜਦੇ ਹੋਏ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਅਚਾਨਕ ਗੋਲੀ ਪਿਸਤੌਲ ‘ਚੋਂ ਨਿਕਲ ਕੇ ਜ਼ਮੀਨ ‘ਤੇ ਡਿੱਗ ਗਈ। ਫਰਾਰ ਹੋਏ ਦੋਸ਼ੀਆਂ ਦੀ ਬਾਈਕ ਦੀ ਨੰਬਰ ਪਲੇਟ ਵੀ ਪੁਲਿਸ ਦੇ ਹੱਥ ਲੱਗੀ ਹੈ। ਮੋਤੀ ਨਗਰ ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਬਦਮਾਸ਼ਾਂ ਨੂੰ ਫੜਨ ਲਈ ਟੀਮਾਂ ਦਾ ਗਠਨ ਕੀਤਾ ਹੈ।
ਏਸੀਪੀ ਜਸਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਤਿੰਨ ਬਦਮਾਸ਼ ਵਾਰਦਾਤ ਨੂੰ ਅੰਜਾਮ ਦੇਣ ਆਏ ਹਨ। ਫਿਲਹਾਲ ਪੁਲਿਸ ਦੀਆਂ ਟੀਮਾਂ ਬਦਮਾਸ਼ਾਂ ਦਾ ਪਤਾ ਲਗਾਉਣ ‘ਚ ਜੁਟੀਆਂ ਹੋਈਆਂ ਹਨ। ਪੁਲਿਸ ਦੁਕਾਨਦਾਰ ਤੋਂ ਬਦਮਾਸ਼ਾਂ ਦਾ ਹੁਲੀਆ ਪੁੱਛ ਰਹੀ ਹੈ। ਸੀਸੀਟੀਵੀ ਕੈਮਰਿਆਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।