ਜਲੰਧਰ-ਪੁਲਸ ਦੀ ਢਿੱਲੀ ਕਾਰਵਾਈ ਦੇ ਚਲਦੇ ਇਕ ਹੋਰ ਵਿਅਕਤੀ ਦੀ ਜਾਨ ਚਲੀ ਗਈ ਹੈ। ਢਿੱਲੀ ਕਾਰਵਾਈ ਇਸ ਲਈ ਹੈ ਕਿਉਂਕਿ ਵਿਅਕਤੀ ਨੂੰ ਗੋਲੀ ਮਾਰਨ ਵਾਲੇ ਦੋਸ਼ੀ ਕੋਲ ਅਵੈਧ ਅਸਲਾ ਹੋਣ ਦੀ ਸ਼ਿਕਾਇਤ ਥਾਣਾ ਪ੍ਰਭਾਰੀ ਤੋਂ ਲੈ ਕੇ ਡੀਜੀਪੀ ਤੱਕ ਵੀ ਜਾ ਚੁੱਕੀ ਸੀ, ਪਰ ਫਿਰ ਵੀ ਪੁਲਸ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਇਕ ਵਿਅਕਤੀ ਦੀ ਜਾਨ ਚਲੀ ਗਈ। ਸ਼ਨੀਵਾਰ ਦੇਰ ਰਾਤ 1.00 ਵਜੇ ਨਿਤਿਨ ਉਰਫ ਡੇਲੂ ਨੂੰ ਉਸ ਦੇ ਸਾਥੀਆਂ ਵੱਲੋਂ ਗੋਲੀ ਮਾਰ ਦਿੱਤੀ ਗਈ। ਜਿਸ ਤੋਂ ਬਾਅਦ ਹਮਲਾਵਰ ਨਿਤਿਨ ਨੂੰ ਜ਼ਖਮੀ ਹਾਲਤ ਵਿੱਚ ਛੱਡ ਕੇ ਉਥੋਂ ਫਰਾਰ ਹੋ ਗਏ। ਹਾਲਤ ਗੰਭੀਰ ਹੋਣ ਕਾਰਨ ਨਿਤਿਨ ਨੂੰ ਲੁਧਿਆਣਾ ਦੇ ਡੀ.ਐੱਮ.ਸੀ.ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਜੇਲ ਵਿੱਚ ਬੰਦ ਗੈਂਗਸਟਰ ਆਪਣੇ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣਾਉਣਾ ਚਾਹੁੰਦੇ ਹਨ। ਇਸ ਦੇ ਚਲਦੇ ਹੀ ਸ਼ਨੀਵਾਰ ਦੇਰ ਰਾਤ 1 ਵਜੇ ਦਲਬੀਰਾ ਗਰੁੱਪ ਦੇ ਮੈਂਬਰ ਅਮਨ ਨਾਮਕ ਵਿਅਕਤੀ ਨੂੰ ਗੋਲੀ ਮਾਰਨ ਦੀ ਫਿਰਾਕ ਵਿਚ ਅਸ਼ੋਕ ਨਗਰ ਕੋਲ ਬੈਠਕੇ ਯੋਜਨਾ ਬਣਾ ਰਹੇ ਸਨ। ਉਸੇ ਦੌਰਾਨ ਨਿਤਿਨ ਉਰਫ ਡੇਲੂ ਦੀ ਆਪਣੇ ਹੀ ਸਾਥੀ ਰੱਜਤ ਗੰਗੋਤਰੀ ਅਤੇ ਆਕਾਸ਼ਦੀਪ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਗੁੱਸੇ ਵਿਚ ਆਏ ਆਕਾਸ਼ਦੀਪ ਨੇ ਰੱਜਤ ਗੰਗੋਤਰੀ ਦੇ ਕਹਿਣ ’ਤੇ ਨਿਤਿਨ ਨੂੰ ਗੋਲੀ ਮਾਰ ਦਿੱਤੀ।