ਮੁਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਵਿਚ ਇਕ ਨਿੱਜੀ ਸਕੂਲ ਦੇ 14 ਸਾਲਾ ਵਿਦਿਆਰਥੀ ਦੀ ਸਕੂਲ ਵਿੱਚ ਬਾਸਕਟਬਾਲ ਖੇਡਦੇ ਸਮੇਂ ਮੌਤ ਹੋ ਗਈ। ਸਕੂਲ ਪ੍ਰਬੰਧਕਾਂ ਅਨੁਸਾਰ ਵਿਦਿਆਰਥੀ ਸਕੂਲ ਵਿੱਚ ਆਪਣੇ ਭਰਾ ਨਾਲ ਬਾਸਕਟਬਾਲ ਖੇਡ ਰਿਹਾ ਸੀ ਅਤੇ ਡਿੱਗਣ ਕਾਰਨ ਉਸ ਦੀ ਧੌਣ ਦੀ ਹੱਡੀ ਟੁੱਟ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਵਿਦਿਆਰਥੀ ਦੀ ਪਛਾਣ 14 ਸਾਲਾ ਸ਼ੁਭਮ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਸ਼ੁਭਮ ਦੇ ਪਿਤਾ ਨਵੀਨ ਗਰਗ ਵਾਸੀ ਏ.ਕੇ.ਐਸ. ਕਲੋਨੀ, ਜ਼ੀਰਕਪੁਰ ਨੂੰ ਨਾਲ ਲੈ ਕੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ।
ਸ਼ੁਭਮ ਆਪਣੇ 12 ਸਾਲ ਦੇ ਛੋਟੇ ਭਰਾ ਨਾਲ ਬਾਸਕਟਬਾਲ ਖੇਡ ਰਿਹਾ ਸੀ। ਫਿਰ ਅਚਾਨਕ ਉਸ ਨੂੰ ਸਿਰ ਦਰਦ ਹੋਇਆ ਅਤੇ ਜਦੋਂ ਉਸ ਨੇ ਆਪਣਾ ਸਿਰ ਫੜਿਆ ਤਾਂ ਉਹ ਅਚਾਨਕ ਪਿੱਛੇ ਨੂੰ ਡਿੱਗ ਗਿਆ।
ਸਕੂਲ ਸਟਾਫ਼ ਦੀ ਮਦਦ ਨਾਲ ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪਰ ਡਾਕਟਰਾਂ ਨੇ ਉਸ ਨੂੰ ਸੈਕਟਰ 32 ਜੀਐਮਸੀਐਚ ਰੈਫਰ ਕਰ ਦਿੱਤਾ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਪੋਸਟਮਾਰਟਮ ਕਰਵਾ ਕੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।