ਜ਼ਿਲ੍ਹਾ ਗੁਰਦਾਸਪੁਰ ਦੇ ਕਲਾਨੌਰ ਥਾਣੇ ਅਧੀਨ ਪੈਂਦੇ ਪਿੰਡ ਸ਼ੇਖ ਮੀਰ ਦੇ ਵਸਨੀਕ ਦੀ ਕੈਨੇਡਾ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਕਾਰਨ ਵਿਧਵਾ ਮਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਚਚੇਰੇ ਭਰਾ ਤੇਜਬੀਰ ਸਿੰਘ ਨੇ ਦਸਿਆ ਕਿ ਉਸ ਦਾ ਭਰਾ ਸਤਿੰਦਰ ਸਿੰਘ (23) ਪੁੱਤਰ ਦਲਬੀਰ ਸਿੰਘ ਇਕ ਸਾਲ ਪਹਿਲਾਂ 5 ਅਪ੍ਰੈਲ 2023 ਨੂੰ ਰੋਜ਼ੀ-ਰੋਟੀ ਲਈ ਵਿੰਡਸਰ, ਓਨਟਾਰੀਓ, ਕੈਨੇਡਾ ਗਿਆ ਸੀ। ਸਤਿੰਦਰ ਸਿੰਘ ਹਰ ਰੋਜ਼ ਸਵੇਰੇ ਅਪਣੀ ਮਾਂ ਨੂੰ ਫੋਨ ਕਰਦਾ ਸੀ ਪਰ ਐਤਵਾਰ ਨੂੰ ਜਦੋਂ ਫੋਨ ਨਹੀਂ ਆਇਆ ਤਾਂ ਮਾਂ ਸਰਬਜੀਤ ਕੌਰ ਨੇ ਉਸ ਨੂੰ ਕਈ ਵਾਰ ਫੋਨ ਕੀਤਾ ਤੇ ਕਿਸੇ ਨੇ ਨਹੀਂ ਚੁੱਕਿਆ। ਇਸ ਤੋਂ ਬਾਅਦ ਇਕ ਹੋਰ ਨੌਜਵਾਨ ਨੇ ਫੋਨ ‘ਤੇ ਦਸਿਆ ਕਿ ਸਤਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਹੈ।
ਤੇਜਬੀਰ ਨੇ ਦਸਿਆ ਕਿ ਉਸ ਦਾ ਭਰਾ ਕੰਪਿਊਟਰ ਡਿਪਲੋਮਾ ਕਰਨ ਤੋਂ ਬਾਅਦ ਕੈਨੇਡਾ ਗਿਆ ਸੀ। ਮ੍ਰਿਤਕ ਸਤਿੰਦਰ ਸਿੰਘ ਦੇ ਪਿਤਾ ਦੀ ਕਰੀਬ 5 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਹ ਅਪਣੀ ਮਾਂ ਦੀ ਮਦਦ ਨਾਲ ਪੜ੍ਹਾਈ ਕਰ ਰਿਹਾ ਸੀ। ਸਤਿੰਦਰ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਸਤਿੰਦਰ ਸਿੰਘ ਕੋਲ ਸਿਰਫ ਇਕ ਏਕੜ ਜ਼ਮੀਨ ਹੈ ਅਤੇ ਉਹ ਰੋਜ਼ੀ-ਰੋਟੀ ਲਈ ਵਿਦੇਸ਼ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਪੰਜਾਬ ਦੇ ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਅਤੇ ਵਿਦੇਸ਼ਾਂ ਵਿਚ ਰਹਿ ਰਹੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਹ ਨੂੰ ਭਾਰਤ ਭੇਜਣ ਵਿਚ ਮਦਦ ਕਰਨ।