ਪਿੰਡ ਅਠਵਾਲ ਦੇ ਨੌਜਵਾਨ ਕੁਲਵਿੰਦਰ ਸਿੰਘ ਮੇਜਰ ਦੀ ਆਬੂਧਾਬੀ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਮੇਜਰ (43) ਪੁੱਤਰ ਮਰਹੂਮ ਹਰਭਜਨ ਸਿੰਘ ਵਜੋਂ ਹੋਈ ਹੈ। ਨੌਜਵਾਨ ਦੀ ਬੀਤੇ ਦਿਨ ਦੇਹ ਉਨ੍ਹਾਂ ਦੇ ਪਿੰਡ ਪਹੁੰਚੀ ਜਿਥੇ ਰੀਤੀ ਰਿਵਾਜ਼ਾਂ ਨਾਲ ਸਸਕਾਰ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਤਿੰਨ ਸਾਲ ਤੋਂ ਆਬੂਧਾਬੀ ਵਿਚ ਕਰੇਨ ਹੈਲਪਰ ਵਜੋਂ ਕੰਮ ਕਰਦਾ ਸੀ ਅਤੇ ਉਹ ਇਕ ਮਹੀਨਾ ਪਹਿਲਾਂ ਛੁੱਟੀ ਕੱਟ ਕੇ ਆਬੂਧਾਬੀ ਗਿਆ। ਕੁਲਵਿੰਦਰ ਸਿੰਘ ਦੇ ਦੋ ਬੱਚੇ ਹਨ ਜਿਨਾਂ ਦੀ ਉਮਰ ਲੜਕੀ 19 ਸਾਲ ਅਤੇ ਲੜਕਾ 11 ਸਾਲ ਹੈ। ਇਸ ਮੌਕੇ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।