ਜਲੰਧਰ (ਜੀਵਨ ਜੋਤੀ ਟੰਡਨ) ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਪਵਿੱਤਰ ਅਵਸਰ ਉਪਰ 350 ਸਾਲਾ ਸ਼ਹੀਦੀ ਸ਼ਤਾਬਦੀ ਕਮੇਟੀ ਅਤੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਣ ਸਾਹਿਬ, ਗੁਰੂ ਤੇਗ ਬਹਾਦਰ ਨਗਰ ਵੱਲੋਂ ਸਿੰਘ ਸਭਾਵਾਂ ਅਤੇ ਹੋਰ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਰੂਹਾਨੀ ਨਗਰ ਕੀਰਤਨ ਵਿੱਚ ਇਲਾਕੇ ਭਰ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਗੁਰੂ ਸਾਹਿਬ ਜੀ ਦੀ ਅਤੁਲਨੀਆ, ਅਦਵੀਤੀ ਅਤੇ ਲਾਸਾਨੀ ਸ਼ਹਾਦਤ ਨੂੰ ਨਮਨ ਕੀਤਾ। ਸਵੇਰੇ 9 ਵਜੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਣ ਸਾਹਿਬ ਤੋਂ ਅਰਦਾਸ ਉਪਰੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸ਼ੁਰੂ ਹੋਇਆ। ਜੈਕਾਰਿਆਂ ਦੀ ਗੂੰਜ ਅਤੇ ਨਾਮ ਬਾਣੀ ਦੇ ਰਸ ਵਿੱਚ ਰੰਮੇ ਹਜ਼ਾਰਾਂ ਸੰਗਤਾਂ ਨੂੰ ਦਰਸ਼ਨ ਹੋਏ। ਨਗਰ ਕੀਰਤਨ ਦਾ ਰੂਟ ਰੇਨਬੋ ਰੋਡ, ਗਾਬਾ ਗ੍ਰੈਂਡ ਮਾਲ, ਮਾਡਲ ਟਾਊਨ ਮਾਰਕੀਟ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ, ਗੁਰੂ ਤੇਗ ਬਹਾਦਰ ਚੌਂਕ, ਪਾਰਕ ਵਾਲੀ ਗਲੀ ਅਤੇ ਭਾਈ ਜੈਤਾ ਜੀ ਮਾਰਕੀਟ ਰਾਹੀਂ ਹੁੰਦਾ ਹੋਇਆ ਵਾਪਸ ਦੁਪਹਿਰ ਨੂੰ ਗੁਰਦੁਆਰਾ ਸਾਹਿਬ ਪਹੁੰਚ ਕੇ ਸੰਪੂਰਣ ਹੋਇਆ। ਗਤਕਾ ਪਾਰਟੀਆਂ ਦੀ ਵੀਰਤਾ ਭਰੀ ਪ੍ਰਸਤੁਤੀ ਅਤੇ ਸਕੂਲੀ ਬੱਚਿਆਂ ਦੀ ਭਗਤੀਮਈ ਹਾਜ਼ਰੀ ਨੇ ਨਗਰ ਕੀਰਤਨ ਦੀ ਸ਼ੋਭਾ ਵਧਾਈ। ਸੰਗਤਾਂ ਵੱਲੋਂ ਫੁੱਲਾਂ ਨਾਲ ਸਜਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਪਿੱਛੇ ਨਾਮ ਸਿਮਰਨ ਕਰਦਿਆਂ ਚੱਲਣ ਦਾ ਦ੍ਰਿਸ਼ ਮਨਮੋਹਕ ਅਤੇ ਆਤਮਕ ਲਗਨ ਨਾਲ ਭਰਪੂਰ ਸੀ। ਸਮਾਗਮ ਦੌਰਾਨ ਸ਼ਤਾਬਦੀ ਕਮੇਟੀ ਦੇ ਕਨਵੀਨਰ ਅਤੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਦੇ ਪ੍ਰਧਾਨ ਗੁਰ ਕਿਰਪਾਲ ਸਿੰਘ, ਜਥੇਦਾਰ ਜਗਜੀਤ ਸਿੰਘ ਗਾਬਾ ਅਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਸਮੇਤ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਮਨੁੱਖਤਾ ਅਤੇ ਧਰਮ ਦੀ ਰੱਖਿਆ ਦਾ ਅਤੁੱਲ ਉਦਾਹਰਨ ਦੱਸਿਆ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਸਰਪ੍ਰਸਤ ਜਸਵਿੰਦਰ ਸਿੰਘ ਮੱਕੜ, ਮਨਜੀਤ ਸਿੰਘ ਠੁਕਰਾਲ, ਕੌਂਸਲਰ ਹਰਸ਼ਰਨ ਕੌਰ ਹੈਪੀ, ਵੈਲਕਮ ਪੰਜਾਬ ਨਿਊਜ਼ ਪੇਪਰ ਦੇ ਮੁੱਖ ਸੰਪਾਦਕ ਅਮਰਪ੍ਰੀਤ ਸਿੰਘ ਰਿੰਕੂ, ਹਰਪ੍ਰੀਤ ਸਿੰਘ, ਪ੍ਰਿਤਪਾਲ ਸਿੰਘ ਲੱਕੀ, ਸਿਦਕਪ੍ਰੀਤ ਸਿੰਘ, ਗੁਰਬਖਸ਼ ਸਿੰਘ ਜੁਨੇਜਾ, ਹਰਭਜਨ ਸਿੰਘ ਸੈਣੀ ਆਦਿ ਸ਼ਾਮਲ ਸਨ।