Skip to content
ਜਲੰਧਰ (ਪਰਦੀਪ ਕੰਗ) ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਪਵਿੱਤਰ ਅਵਸਰ ਉਪਰ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ, ਮਹੱਲਾ ਚਾਹਿਆਮ ਬਸਤੀ ਸ਼ੇਖ ਜਲੰਧਰ ਵੱਲੋਂ ਹੋਰ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਇਕ ਵਿਸ਼ਾਲ ਅਤੇ ਰੂਹਾਨੀ ਨਗਰ ਕੀਰਤਨ ਦਾ ਆਯੋਜਨ ਸ਼ਰਧਾ ਤੇ ਸਤਿਕਾਰ ਨਾਲ ਕੀਤਾ ਗਿਆ।
ਇਸ ਅੱਤ ਮਰਯਾਦਿਤ ਸਮਾਗਮ ਵਿੱਚ ਇਲਾਕੇ ਦੀਆਂ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਗਈ ਅਤੇ ਹਰ ਹਿਰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਤੁਲਨੀਆ ਅਤੇ ਲਾਸਾਨੀ ਸ਼ਹਾਦਤ ਨੂੰ ਗਹਿਰੇ ਭਾਵਾਂ ਨਾਲ ਨਮਨ ਕੀਤਾ।
ਦੁਪਹਿਰ 2 ਵਜੇ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਵਿੱਚ ਅਰਦਾਸ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਦੀ ਸ਼ੁਰੂਆਤ ਹੋਈ। ਜੈਕਾਰਿਆਂ ਦੀ ਗੂੰਜ ਅਤੇ ਨਾਮ ਬਾਣੀ ਦੀ ਟਹਿਣੀ ਹਵਾ ਵਿੱਚ ਵੱਸਦੀ ਹੋਈ, ਸੰਗਤਾਂ ਦੇ ਰੂਹਾਨੀ ਜੋਸ਼ ਦਾ ਦਰਸ਼ਨ ਕਰਵਾ ਰਹੀ ਸੀ।
ਨਗਰ ਕੀਰਤਨ ਅੱਡਾ ਬਸਤੀ ਸ਼ੇਖ, ਵੱਡਾ ਬਾਜ਼ਾਰ, ਗੁਰਦੁਆਰਾ ਸ੍ਰੀ ਗੁਰੂ ਨਾਨਕ ਸਤਸੰਗ ਸਭਾ, ਗੁਰਦੁਆਰਾ ਚਰਨ ਕੰਵਲ ਸਾਹਿਬ, ਗਵਰਨਮੈਂਟ ਸਕੂਲ, ਗੁਰਦੁਆਰਾ ਛੇਵੀਂ ਪਾਤਸ਼ਾਹੀ, ਘਾਹ ਮੰਡੀ, ਗੁਰਦੁਆਰਾ ਹਰਗੋਬਿੰਦ ਸਾਹਿਬ, ਮੁਹੱਲਾ ਕੋਟ ਅਤੇ ਨਿਹੰਗ ਨਿਵਾਸ ਤੋਂ ਹੁੰਦਾ ਹੋਇਆ ਸ਼ਾਨ ਨਾਲ ਮੁੜ ਕੇ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਮਹੱਲਾ ਚਾਹਿਆਮ ਵਿਖੇ ਪਹੁੰਚ ਕੇ ਸੰਪੂਰਨ ਹੋਇਆ।
ਰਾਹੀਂ-ਰਾਹੀਂ ਗਤਕਾ ਪਾਰਟੀਆਂ ਵੱਲੋਂ ਸ਼ਾਨਦਾਰ ਸਸਤ੍ਰ ਵਿਦਿਆ ਦੀ ਪ੍ਰਸਤੁਤੀ ਨੇ ਸਭ ਦਾ ਮਨ ਮੋਹ ਲਿਆ, ਜਦਕਿ ਸਕੂਲੀ ਬੱਚਿਆਂ ਦੀ ਭਗਤੀ ਭਰੀ ਸ਼ਿਰਕਤ ਨੇ ਨਗਰ ਕੀਰਤਨ ਵਿੱਚ ਹੋਰ ਵੀ ਰੌਣਕ ਭਰ ਦਿੱਤੀ। ਸੰਗਤਾਂ ਵੱਲੋਂ ਫੁੱਲਾਂ ਨਾਲ ਸਜਾਈ ਗਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਪਿੱਛੇ ਨਾਮ ਸਿਮਰਨ ਕਰਦਿਆਂ ਚੱਲਣ ਦਾ ਨਜ਼ਾਰਾ ਦਿਲਾਂ ਨੂੰ ਰੂਹਾਨੀ ਸੁਖ ਪ੍ਰਦਾਨ ਕਰ ਰਿਹਾ ਸੀ।
ਇਸ ਮੌਕੇ ਵਾਰਡ ਨੋ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸ.ਮਨਜੀਤ ਸਿੰਘ ਟੀਟੂ, ਸ. ਬਚਨ ਸਿੰਘ ਕਾਦੀਆਂ, ਸ. ਜਸਬੀਰ ਸਿੰਘ ਸਚਦੇਵਾ, ਸ.ਹਰਬੰਸ ਸਿੰਘ, ਤਰਲੋਚਨ ਸਿੰਘ ਛਾਬੜਾ, ਜੀਵਨ ਜੋਤੀ ਟੰਡਨ, ਪੰਕਜ ,ਸੰਜੂ ਅਬਰੋਲ ਆਦਿ ਸ਼ਾਮਿਲ ਸਨ।
ਇਸ ਮੌਕੇ ਹਾਜ਼ਰ ਸਤਿਕਾਰਯੋਗ ਹਸਤੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬੇਮਿਸਾਲ ਸ਼ਹਾਦਤ ਨੂੰ ਮਨੁੱਖਤਾ, ਧਰਮ ਅਤੇ ਸੱਚਾਈ ਦੀ ਰੱਖਿਆ ਦਾ ਉੱਚਾ ਪ੍ਰਤੀਕ ਦੱਸਦੇ ਹੋਏ ਸੰਗਤਾਂ ਨੂੰ ਸੰਬੋਧਿਤ ਕੀਤਾ।
Related