ਦੇਹਰਾਦੂਨ ਵਿੱਚ ਭਿਆਨਕ ਸੜਕ ਹਾਦਸਾ: ਤੇਜ਼ ਰਫ਼ਤਾਰ ਸਿਟੀ ਬੱਸ ਨੇ 5 ਲੋਕਾਂ ਨੂੰ ਕੁਚਲਿਆ, 2 ਦੀ ਮੌਤ

ਦੇਹਰਾਦੂਨ (ਅਰਸ਼ਦੀਪ ਸਿੰਘ ਕਾਲੜਾ)   :- ਦੇਹਰਾਦੂਨ ਦੇ ਪਟੇਲ ਨਗਰ ਸਥਿਤ ਲਾਲਪੁਲ ਇਲਾਕੇ ਵਿੱਚ ਅੱਜ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਇਕ ਤੇਜ਼ ਰਫ਼ਤਾਰ ਸਿਟੀ ਬੱਸ ਨੇ ਪੰਜ ਪੈਦਲ ਯਾਤਰੀਆਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।

ਜਾਣਕਾਰੀ ਮੁਤਾਬਕ ਇਹ ਘਟਨਾ ਸਵੇਰੇ ਕਰੀਬ 11 ਵਜੇ ਵਾਪਰੀ ਜਦੋਂ ਆਈਐਸਬੀਟੀ ਤੋਂ ਰਾਜਪੁਰ ਰੋਡ ਵੱਲ ਜਾ ਰਹੀ ਬੱਸ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਜਾ ਰਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ। ਘਟਨਾ ਤੋਂ ਬਾਅਦ ਮੌਕੇ ’ਤੇ ਚੀਕ-ਚਿਹਾੜਾ ਮਚ ਗਿਆ ਅਤੇ ਲੋਕਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕੀਤੇ।

ਚਸ਼ਮਦੀਦਾਂ ਦੇ ਅਨੁਸਾਰ ਐਂਬੂਲੈਂਸ ਦੇਰੀ ਨਾਲ ਪਹੁੰਚੀ, ਜਿਸ ਕਾਰਨ ਜ਼ਖ਼ਮੀਆਂ ਨੂੰ ਆਟੋ ਅਤੇ ਈ-ਰਿਕਸ਼ਾ ਦੀ ਮਦਦ ਨਾਲ ਹਸਪਤਾਲ ਭੇਜਣਾ ਪਿਆ। ਇਸ ਦੌਰਾਨ ਇਲਾਕੇ ਵਿੱਚ ਭਾਰੀ ਟ੍ਰੈਫਿਕ ਜਾਮ ਵੀ ਲੱਗ ਗਿਆ।

ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਵਿੱਚ ਕੀਤਾ ਅਤੇ ਬੱਸ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪ੍ਰਾਰੰਭਿਕ ਜਾਣਕਾਰੀ ਅਨੁਸਾਰ ਡਰਾਈਵਰ ਨੂੰ ਦਿਲ ਦਾ ਦੌਰਾ ਪੈਣ ਦੀ ਗੱਲ ਸਾਹਮਣੇ ਆ ਰਹੀ ਹੈ, ਹਾਲਾਂਕਿ ਪੁਲਿਸ ਵੱਲੋਂ ਜਾਂਚ ਜਾਰੀ ਹੈ।