ਨਕਲੀ ਸਰਕਾਰੀ ਪਛਾਣ ਪੱਤਰ ਬਣਾਉਣ ਵਾਲੇ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼, 2 ਗ੍ਰਿਫ਼ਤਾਰ

ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ)   :- ਦਿੱਲੀ ਪੁਲਿਸ ਦੀ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟੇਜਿਕ ਆਪ੍ਰੇਸ਼ਨਜ਼ (IFSO) ਯੂਨਿਟ ਨੇ ਨਕਲੀ ਸਰਕਾਰੀ ਪਛਾਣ ਪੱਤਰ ਤਿਆਰ ਕਰਕੇ ਵੇਚਣ ਵਾਲੇ ਇੱਕ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਦਮਨ ਅਤੇ ਦੀਵ ਦੇ ਰਹਿਣ ਵਾਲੇ ਵਿਦੇਸ਼ੀ ਸਾਵ ਅਤੇ ਬਿਹਾਰ ਦੇ ਪਟਨਾ ਨਿਵਾਸੀ ਸੰਤੋਸ਼ ਕੁਮਾਰ ਵਜੋਂ ਹੋਈ ਹੈ।

ਪੁਲਿਸ ਅਨੁਸਾਰ ਦੋਵੇਂ ਮੁਲਜ਼ਮ BKPRINT.IN ਨਾਮ ਦੀ ਵੈੱਬਸਾਈਟ ਰਾਹੀਂ ਆਧਾਰ ਕਾਰਡ, ਵੋਟਰ ਆਈਡੀ, ਪੈਨ ਨਾਲ ਸਬੰਧਤ ਦਸਤਾਵੇਜ਼, ਜਨਮ-ਮੌਤ ਸਰਟੀਫਿਕੇਟ, ਰਿਹਾਇਸ਼ੀ ਅਤੇ ਜਾਤੀ ਸਰਟੀਫਿਕੇਟ ਸਮੇਤ ਕਈ ਨਕਲੀ ਸਰਕਾਰੀ ਦਸਤਾਵੇਜ਼ ਤਿਆਰ ਕਰਕੇ ਵੇਚਦੇ ਸਨ। ਇਹ ਦਸਤਾਵੇਜ਼ ਅਸਲੀ ਵਰਗੇ ਦਿਖਾਈ ਦਿੰਦੇ ਸਨ ਅਤੇ ਧੋਖਾਧੜੀ ਤੇ ਜਾਅਲੀ ਪਛਾਣ ਲਈ ਵਰਤੇ ਜਾ ਸਕਦੇ ਸਨ।

ਮਾਮਲੇ ਦਾ ਖੁਲਾਸਾ ਸੋਸ਼ਲ ਮੀਡੀਆ ਦੀ ਨਿਗਰਾਨੀ ਦੌਰਾਨ ਹੋਇਆ। ਜਾਂਚ ਲਈ ਪੁਲਿਸ ਨੇ ਵੈੱਬਸਾਈਟ ‘ਤੇ ਖੁਦ ਅਕਾਊਂਟ ਬਣਾਇਆ, ਯੂਪੀਆਈ ਰਾਹੀਂ 100 ਰੁਪਏ ਜਮ੍ਹਾਂ ਕਰਵਾਏ ਅਤੇ ਫਰਜ਼ੀ ਜਾਣਕਾਰੀ ਦੇ ਆਧਾਰ ‘ਤੇ ਨਕਲੀ ਆਧਾਰ ਅਤੇ ਵੋਟਰ ਆਈਡੀ ਕਾਰਡ ਤਿਆਰ ਕਰਵਾਏ। ਜਾਂਚ ਦੌਰਾਨ ਭੁਗਤਾਨ ਲਈ ਵਰਤਿਆ ਗਿਆ ਯੂਪੀਆਈ ਖਾਤਾ ਅਤੇ ਮੋਬਾਈਲ ਨੰਬਰ ਵਿਦੇਸ਼ੀ ਸਾਵ ਨਾਲ ਜੁੜਿਆ ਮਿਲਿਆ।

ਤਕਨੀਕੀ ਜਾਂਚ ਤੋਂ ਬਾਅਦ ਦਿੱਲੀ ਪੁਲਿਸ ਨੇ ਪਹਿਲਾਂ ਦਮਨ ਅਤੇ ਦੀਵ ਤੋਂ ਵਿਦੇਸ਼ੀ ਸਾਵ ਨੂੰ ਕਾਬੂ ਕੀਤਾ। ਪੁੱਛਗਿੱਛ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਵੈੱਬਸਾਈਟ ਦਾ ਸੰਚਾਲਨ ਸੰਤੋਸ਼ ਕੁਮਾਰ ਕਰਦਾ ਸੀ, ਜਿਸ ਦੇ ਆਧਾਰ ‘ਤੇ ਪਟਨਾ ਤੋਂ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਇੱਕ ਹੋਰ ਮਿਲਦੇ-ਜੁਲਦੇ ਨਾਮ ਵਾਲੀ ਵੈੱਬਸਾਈਟ ਵੀ ਚਲਾ ਰਹੇ ਸਨ। ਉਹ ਅਜਿਹੇ QR ਕੋਡ ਤਿਆਰ ਕਰਦੇ ਸਨ, ਜਿਨ੍ਹਾਂ ਵਿੱਚ ਗਾਹਕਾਂ ਵੱਲੋਂ ਭਰੀ ਜਾਣਕਾਰੀ ਹੀ ਸ਼ਾਮਲ ਹੁੰਦੀ ਸੀ, ਜਿਸ ਕਾਰਨ ਨਕਲੀ ਦਸਤਾਵੇਜ਼ ਅਸਲੀ ਵਰਗੇ ਲੱਗਦੇ ਸਨ, ਪਰ ਉਨ੍ਹਾਂ ਦਾ ਸਰਕਾਰੀ ਡਾਟਾਬੇਸ ਨਾਲ ਕੋਈ ਲਿੰਕ ਨਹੀਂ ਸੀ।

ਛਾਪੇਮਾਰੀ ਦੌਰਾਨ ਪੁਲਿਸ ਨੇ ਵਿਦੇਸ਼ੀ ਸਾਵ ਕੋਲੋਂ ਦੋ ਮੋਬਾਈਲ ਫੋਨ, ਇੱਕ ਲੈਪਟਾਪ ਅਤੇ ਇੱਕ QR ਕੋਡ ਸਾਊਂਡ ਬਾਕਸ ਬਰਾਮਦ ਕੀਤਾ। ਸੰਤੋਸ਼ ਕੁਮਾਰ ਕੋਲੋਂ ਇੱਕ ਲੈਪਟਾਪ ਅਤੇ ਮੋਬਾਈਲ ਫੋਨ ਮਿਲਿਆ, ਜਿਸ ਵਿੱਚ ਵੈੱਬਸਾਈਟਾਂ ਨਾਲ ਸਬੰਧਤ ਤਕਨੀਕੀ ਜਾਣਕਾਰੀ, ਡਿਜੀਟਲ ਰਿਕਾਰਡ ਅਤੇ ਗਾਹਕਾਂ ਦਾ ਡਾਟਾਬੇਸ ਮੌਜੂਦ ਸੀ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।