ਸਰਦਾਰ ਤੇਜਾ ਸਿੰਘ ਸਮੁੰਦਰੀ ਦੇ 100ਵੇਂ ਸ਼ਹੀਦੀ ਦਿਹਾੜੇ ‘ਤੇ ਦੇਸ਼ ਭਰ ਤੋਂ ਸ਼ਰਧਾਂਜਲੀਆਂ

ਭਾਰਤ ਦੇ ਚੀਫ਼ ਜਸਟਿਸ, ਸਾਬਕਾ ਰਾਸ਼ਟਰਪਤੀ, ਦਿੱਲੀ ਮੁੱਖ ਮੰਤਰੀ ਸਮੇਤ ਹਜ਼ਾਰਾਂ ਸੰਗਤਾਂ ਨੇ ਨਤਮਸਤਕ ਹੋ ਕੇ ਕੀਤਾ ਯਾਦ, ਬੰਗਲਾ ਸਾਹਿਬ ਅਜਾਇਬ ਘਰ ‘ਚ ਸਮੁੰਦਰੀ ਤੇ ਜਸਵੰਤ ਸਿੰਘ ਖਾਲੜਾ ਦੀਆਂ ਤਸਵੀਰਾਂ ਲਗਾਉਣ ਦਾ ਐਲਾਨ

ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ) :- ਮਹਾਨ ਸਿੱਖ ਆਗੂ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਪ੍ਰਮੁੱਖ ਸ਼ਿਲਪਕਾਰ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ 100ਵੇਂ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਰਕਾਬ ਗੰਜ ਸਾਹਿਬ ਸਥਿਤ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਵਿਸ਼ਾਲ ਯਾਦਗਾਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਰਤ ਦੇ ਚੀਫ਼ ਜਸਟਿਸ ਜਸਟਿਸ ਸੂਰਿਆਕਾਂਤ, ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਧਰਮਪਤਨੀ ਗੁਰਸ਼ਰਨ ਕੌਰ, ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ, ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਅਤੇ ਪ੍ਰਵੇਸ਼ ਵਰਮਾ, ਬਾਲੀਵੁੱਡ ਅਦਾਕਾਰ ਅਨੁਪਮ ਖੇਰ, ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਡੀਐਸਜੀਐਮਸੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਸਮੇਤ ਹਜ਼ਾਰਾਂ ਸੰਗਤਾਂ ਨੇ ਸ਼ਰਧਾਂਜਲੀ ਭੇਟ ਕੀਤੀ।

                                                       

ਇਹ ਸਮਾਗਮ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਅਤੇ ਦਿੱਲੀ ਦੇ ਉਪ-ਰਾਜਪਾਲ ਤਰਨਜੀਤ ਸਿੰਘ ਸੰਧੂ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਿਨਾਮ ਸਿੰਘ ਧੁੰਮਾ, ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ, ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ, ਪਰਮਜੀਤ ਸਿੰਘ ਸਰਨਾ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਭਾਜਪਾ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ, ਸੀਨੀਅਰ ਪੱਤਰਕਾਰ ਬਲਜੀਤ ਬੱਲੀ, ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ, ਪ੍ਰਸਿੱਧ ਗਾਇਕ ਜਸਬੀਰ ਜੱਸੀ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਰਹੀਆਂ।

ਸਮਾਗਮ ਨੂੰ ਸੰਬੋਧਨ ਕਰਦਿਆਂ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ 17 ਜੁਲਾਈ 1926 ਨੂੰ ਦਿੱਤੀ ਗਈ ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਸ਼ਹਾਦਤ ਅੱਜ ਵੀ ਨਿਸ਼ਕਾਮ ਸੇਵਾ, ਨਿਆਂ, ਧਰਮ ਅਤੇ ਸਿਧਾਂਤਾਂ ਪ੍ਰਤੀ ਅਟੱਲ ਵਚਨਬੱਧਤਾ ਦੀ ਪ੍ਰੇਰਣਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹੈ ਕਿ ਦੇਸ਼ ਦੀਆਂ ਮਾਣਯੋਗ ਹਸਤੀਆਂ ਅਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਉਨ੍ਹਾਂ ਦੀ ਅਮਰ ਵਿਰਾਸਤ ਨੂੰ ਨਮਨ ਕਰਨ ਲਈ ਹਾਜ਼ਰੀ ਭਰੀ।

ਡੀਐਸਜੀਐਮਸੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਅਕਾਲੀ ਲਹਿਰ ਅਤੇ ਗੁਰਦੁਆਰਾ ਸੁਧਾਰ ਅੰਦੋਲਨ ਦੇ ਮਹਾਨ ਆਗੂ ਸਨ। ਰਕਾਬ ਗੰਜ ਮੋਰਚਾ, ਚਾਬੀਆਂ ਦਾ ਮੋਰਚਾ, ਗੁਰੂ ਕਾ ਬਾਗ ਮੋਰਚਾ ਅਤੇ ਜੈਤੋ-ਨਾਭਾ ਮੋਰਚੇ ਵਰਗੇ ਸੰਘਰਸ਼ਾਂ ਵਿੱਚ ਉਨ੍ਹਾਂ ਦੀ ਅਗਵਾਈ ਨੇ ਸ਼ਾਂਤਮਈ ਸੰਘਰਸ਼ ਅਤੇ ਕੁਰਬਾਨੀ ਦੀ ਨਵੀਂ ਮਿਸਾਲ ਕਾਇਮ ਕੀਤੀ।

ਉਨ੍ਹਾਂ ਕਿਹਾ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਸਿਰਫ਼ ਪੰਥਕ ਸੁਧਾਰਾਂ ਹੀ ਨਹੀਂ, ਸਗੋਂ ਸਿੱਖਿਆ ਦੇ ਪ੍ਰਸਾਰ, ਸਮਾਜਿਕ ਬਰਾਬਰੀ ਅਤੇ ਧਾਰਮਿਕ ਸਦਭਾਵਨਾ ਨੂੰ ਮਜ਼ਬੂਤ ਕਰਨ ਲਈ ਵੀ ਮਹੱਤਵਪੂਰਨ ਯੋਗਦਾਨ ਪਾਇਆ। ਇਸ ਮੌਕੇ ਇਹ ਐਲਾਨ ਵੀ ਕੀਤਾ ਗਿਆ ਕਿ ਗੁਰਦੁਆਰਾ ਬੰਗਲਾ ਸਾਹਿਬ ਦੇ ਅਜਾਇਬ ਘਰ ਵਿੱਚ ਸਰਦਾਰ ਤੇਜਾ ਸਿੰਘ ਸਮੁੰਦਰੀ ਅਤੇ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਦੀਆਂ ਤਸਵੀਰਾਂ ਸਥਾਪਤ ਕੀਤੀਆਂ ਜਾਣਗੀਆਂ।

ਸਮਾਗਮ ਦੌਰਾਨ ਪਦਮਸ਼੍ਰੀ ਭਾਈ ਹਰਜਿੰਦਰ ਸਿੰਘ (ਸ਼੍ਰੀਨਗਰ ਵਾਲੇ) ਨੇ ਰੂਹਾਨੀ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ, ਜਿਸ ਤੋਂ ਬਾਅਦ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਗਿਆ।