ਨਵੀਂ ਦਿੱਲੀ, 14 ਮਾਰਚ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਕਮੇਟੀ ਦੀ ਟੀਮ ਨੇ ਅੱਜ ਸੰਗਤਾਂ ਵੱਲੋਂ ਦਾਨ ਕੀਤਾ ਸਾਢੇ 4 ਕਿਲੋ ਸੋਨਾ ਅਤੇ 9 ਕਿਲੋ ਤੋਂ ਵੱਧ ਚਾਂਦੀ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਤੇ ਉਹਨਾਂ ਦੀ ਟੀਮ ਨੂੰ ਸੌਂਪੀ ਤਾਂ ਜੋ ਗੁਰੂ ਘਰਾਂ ਵਿਚ ਚਲ ਰਹੀ ਸੇਵਾ ਦੇ ਕਾਰਜ ਸੁਚੱਜੇ ਢੰਗ ਨਾਲ ਨੇਪਰੇ ਚੜ੍ਹ ਸਕਣ।

    ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜੂਨ 2021 ਵਿਚ ਇਕੱਤਰ ਹੋਇਆ ਸੋਨਾ ਤੇ ਚਾਂਦੀ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੂੰ ਸੌਂਪੇ ਗਏ ਸਨ ਤੇ ਹੁਣ ਮਾਰਚ 2023 ਤੱਕ ਇਕੱਠਾ ਹੋਇਆ ਸਾਢੇ 4 ਕਿਲੋ ਸੋਨਾ ਤੇ 9 ਕਿਲੋ ਚਾਂਦੀ ਅੱਜ ਬਾਬਾ ਜੀ ਦੀ ਟੀਮ ਨੂੰ ਸੌਂਪੀ ਗਈ ਹੈ।


    ਇਸ ਮੌਕੇ ਬਾਬਾ ਬਚਨ ਸਿੰਘ ਜੀ ਦੇ ਨਾਲ ਬਾਬਾ ਸੁਰਿੰਦਰ ਸਿੰਘ ਜੀ, ਬਾਬਾ ਰਵੀ ਜੀ, ਬਾਬਾ ਲੱਖਾ ਜੀ, ਬਾਬਾ ਸਤਨਾਮ ਸਿੰਘ, ਲੱਕੀ ਜੀ ਸਮੇਤ ਸਮੁੱਚੀ ਟੀਮ ਪਹੁੰਚੀ ਹੋਈ ਸੀ।
    ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਜਿਹੜੀਆਂ ਗੁਰੂ ਘਰ ਦੀਆਂ ਵੱਖ-ਵੱਖ ਸੇਵਾਵਾਂ ਚਲ ਰਹੀਆਂ ਹਨ, ਉਸ ਵਿਚ ਬਹੁਤ ਵੱਡਾ ਯੋਗਦਾਨ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਦਾ ਹੈ। ਉਹਨਾਂ ਦੱਸਿਆ ਕਿ ਇਸ ਵੇਲੇ ਗੁਰਦੁਆਰਾ ਰਕਾਬਗੰਜ ਸਾਹਿਬ, ਗੁਰਦੁਆਰਾ ਮਜਨੂੰ ਕਾ ਟਿੱਲਾ, ਬਾਲਾ ਸਾਹਿਬ ਹਸਪਤਾਲ ਤੇ ਭਾਈ ਮਤੀ ਦਾਸ ਚੌਂਕ ਸਮੇਤ ਬਹੁਤ ਸਾਰੀਆਂ ਥਾਵਾਂ ’ਤੇ ਕਾਰ ਸੇਵਾ ਬਾਬਾ ਬਚਨ ਸਿੰਘ ਜੀ ਤੇ ਇਹਨਾਂ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸੰਗਤ ਜਿਹੜੀ ਸੇਵਾ ਸੋਨਾ ਦਾਨ ਕਰਦੀ ਹੈ, ਭਾਵੇਂ ਗਹਿਣੇ ਹੋਣ, ਸੋਨੇ ਦੀਆਂ ਇੱਟਾਂ ਹੋਣ, ਬਿਸਕੁੱਟ ਹੋਣ ਜਾਂ ਫਿਰ ਕਿਸੇਵੀ  ਰੂਪ ਵਿਚ ਹੋਵੇ, ਪ੍ਰਬੰਧਕ ਇਹ ਯਕੀਨੀ ਬਣਾਉਂਦੇ ਹਨ ਕਿ ਜਿਹੜੀ ਮਨਸ਼ਾ ਦੇ ਨਾਲ ਸੰਗਤ ਨੇ ਸੇਵਾ ਕੀਤੀ ਅਤੇ ਚੰਗੇ ਕਾਰਜ ਲਈ ਦਾਨ ਕੀਤਾ ਹੈ, ਉਹ ਮਨਸ਼ਾ ਹਮੇਸ਼ਾ ਪੂਰੀ ਹੋਵੇ ਅਤੇ ਇਹ ਮਾਇਆ ਚੰਗੇ ਕਾਰਜ ਲਈ, ਗਰੀਬ ਗੁਰਬੇ ਦੀ ਸੇਵਾ, ਬੱਚਿਆਂ ਦੀ ਪੜ੍ਹਾਈ ਤੇ ਮਰੀਜ਼ਾਂ ਦੇ ਇਲਾਜ ਲਈ ਲੱਗ ਸਕੇ।

     


    ਉਹਨਾਂ ਦੱਸਿਆ ਕਿ ਭਾਈ ਮਤੀ ਦਾਸ ਚੌਂਕ ਦੀ ਸੇਵਾ ਤਕਰੀਬਨ ਮੁਕੰਮਲ ਹੋ ਗਈ ਹੈ ਤੇ ਉਸਦਾ 25 ਮਾਰਚ ਨੂੰ ਉਦਘਾਟਨ ਕੀਤਾ ਜਾਵੇਗਾ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ।
    ਇਸ ਮੌਕੇ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਤਕਰੀਬਨ ਸਵਾ ਲੱਖ ਫੁੱਟ ਵਰਗ ਜ਼ਮੀਨ ’ਤੇ ਸਟਾਫ ਕੁਆਰਟਰਾਂ ਦੀ ਉਸਾਰੀ ਦੀ ਸੇਵਾ ਵੀ ਬਾਬਾ ਬਚਨ ਸਿੰਘ ਜੀ ਨੂੰ ਸੌਂਪੀ ਤੇ ਆਸ ਪ੍ਰਗਟਾਈ ਕਿ ਜਿਵੇਂ ਬਾਕੀ ਗੁਰਧਾਮਾਂ ਦੀ ਸੇਵਾ ਉਹ ਦਿੱਲੀ ਗੁਰਦੁਆਰਾ ਕਮੇਟੀ ਨਾਲ ਮਿਲ ਕੇ ਨਿਭਾਰਹੇ  ਹਨ, ਇਸੇ ਤਰੀਕੇ ਇਹ ਕਾਰਜ ਵੀ ਜਲਦੀ ਪ੍ਰਵਾਨ ਚੜ੍ਹਨਗੇ।