ਫ਼ਗਵਾੜਾ,(ਵਿੱਕੀ ਸੂਰੀ)- ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 32 ਕਿਸਾਨ ਜਥੇਬੰਦੀਆਂ ਦੇ ਪੰਜਾਬ ਤੋਂ ਚੱਲੇ ਅੰਦੋਲਨ ਨੂੰ ਦਿੱਲੀ ਬਾਰਡਰਾਂ ਤੱਕ ਪਹੁੰਚਦੇ ਹੋਏ ਅਤੇ ਅਖ਼ੀਰ ਮੋਰਚਾ ਜਿੱਤ ਕੇ ਫ਼ਤਿਹ ਦਾ ਝੰਡਾ ਝੁਲਾਉਂਦੇ ਹੋਏ ਆਪਣੇ ਘਰ ਦੋਸਾਂਝ ਕਲਾਂ ਵਿਖੇ ਪੁੱਜਣ ’ਤੇ ਜੁਝਾਰੂ ਯੋਧੇ ਮਾਸਟਰ ਸ਼ਿੰਗਾਰਾ ਸਿੰਘ ਦੋਸਾਂਝ ਅਤੇ ਬਲਦੀਸ਼ ਕੌਰ ਦੋਸਾਂਝ ਦਾ ਘਰ ਪੁੱਜਣ ਤੇ ਪੈਨਸ਼ਨਰ ਆਗੂ ਕੁਲਦੀਪ ਸਿੰਘ ਕੌੜਾ ਤੇ ਸੀਤਲ ਰਾਮ ਬੰਗਾ ਨੇ ਹਾਰ ਪਾ ਕੇ ਸਨਮਾਨ ਕੀਤਾ ਅਤੇ ਮੋਰਚਾ ਫ਼ਤਿਹ ਕਰਨ ਦੀਆਂ ਮੁਬਾਰਕਾਂ ਦਿੱਤੀਆਂ।
ਦਿੱਲੀ ਮੋਰਚੇ ਦੇ ਜੁਝਾਰੂ ਯੋਧੇ ਮਾਸਟਰ ਸ਼ਿੰਗਾਰਾ ਸਿੰਘ ਦੋਸਾਂਝ ਬਾਰੇ ਜਾਣਕਾਰੀ ਦਿੰਦਿਆਂ ਪੈਂਨਸ਼ਨਰ ਆਗੂਆਂ ਨੇ ਦੱਸਿਆ ਕਿ ਸਾਥੀ ਦੋਸਾਂਝ ਵਿਦਿਆਰਥੀ ਜੀਵਨ ਤੋਂ ਲੈ ਕੇ ਦਿੱਲੀ ਮੋਰਚੇ ਦੇ ਫ਼ਤਹਿ ਹੋਣ ਤੱਕ ਲੋਕ ਪੱਖੀ ਸਾਂਝੇ ਸੰਘਰਸ਼ਾਂ ਨਾਲ ਤਨੋਂ ਮਨੋਂ ਧਨੋਂ ਸਦਾ ਜੁੜਿਆ ਰਿਹਾ ਹੈ। ਵਿਦਿਆਰਥੀ ਲਹਿਰ ਸਮੇਂ ਮੋਗਾ ਐਜ਼ੀਟੇਸ਼ਨ,1978 ਵਿੱਚ ਬੇਰੁਜ਼ਗਾਰ ਅਧਿਆਪਕ ਦੇ ਅੰਦੋਲਨ ਸਮੇਂ 85 ਦਿਨ ਫਿਰੋਜ਼ਪੁਰ ਜੇਲ੍ਹ ਵਿੱਚ ਰਹੇ। ਨੌਕਰੀ ਦੌਰਾਨ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜਿਲ੍ਹਾ ਜਲੰਧਰ ਦੇ ਪ੍ਰਮੁੱਖ ਆਗੂਆਂ ਵਿੱਚ ਰਹਿੰਦੇ ਹੋਏ ਅਧਿਆਪਕਾਂ ਅਤੇ ਸਮੂਹ ਮੁਲਾਜ਼ਮਾਂ ਦੇ ਸਾਂਝੇ ਸੰਘਰਸ਼ਾਂ ਵਿੱਚ ਵੱਧ ਚੜ ਕੇ ਯੋਗਦਾਨ ਪਾਉਂਦੇ ਰਹੇ। ਬਤੌਰ ਅਧਿਆਪਕ ਸੇਵਾ ਮੁਕਤ ਹੋਣ ਤੋਂ ਬਾਅਦ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਮੁੱਖ ਆਗੂ ਦੇ ਤੌਰ ’ਤੇ ਸੰਘਰਸ਼ ਸ਼ੀਲ ਹਨ। ਜਿਸ ਕਰਕੇ ਦਿੱਲੀ ਬਾਰਡਰਾਂ ਦੇ ਲੱਗੇ ਮੋਰਚੇ ਵਿੱਚ ਉਹ ਆਪਣੇ ਪਿੰਡ ਦੋਸਾਂਝ ਕਲਾਂ ਵਿੱਚੋਂ 12 ਸਾਥੀਆਂ ਸਮੇਤ ਸ਼ਾਮਲ ਹੋਏ ਅਤੇ ਮੋਰਚਾ ਫ਼ਤਿਹ ਹੋਣ ਤੱਕ ਦਿੱਲੀ ਬਾਰਡਰਾਂ ’ਤੇ ਪੂਰੇ ਹੌਂਸਲੇ ਅਤੇ ਜਾਹੋ-ਜਲਾਲ ਨਾਲ ਡੱਟੇ ਰਹੇ। ਇਸ ਮੋਰਚੇ ਦੌਰਾਨ ਉਨ੍ਹਾਂ ਦੇ ਪਿੰਡ ਦੋਸਾਂਝ ਕਲਾਂ ਦੇ ਦੋ ਸਾਥੀ ਪਲਵਿੰਦਰ ਸਿੰਘ ਭੂਰਾ ਅਤੇ ਸੰਤੋਖ ਸਿੰਘ ਤੋਤਾ ਮੋਰਚੇ ਵਿੱਚ ਸ਼ਹੀਦੀ ਪਾ ਕੇ ਉਨ੍ਹਾਂ ਨੂੰ ਸਦਾ-ਸਦਾ ਲਈ ਸਦੀਵੀ ਵਿਛੋੜਾ ਦੇ ਗਏ। ਮਾਸਟਰ ਸ਼ਿੰਗਾਰਾ ਸਿੰਘ ਦੋਸਾਂਝ ਨੂੰ ਹਰ ਸੰਘਰਸ਼ ਵਿੱਚ ਯੋਗਦਾਨ ਪਾ ਕੇ ਜਿੱਤ ਦੀਆਂ ਮੰਜ਼ਿਲਾਂ ਤੱਕ ਪੁੱਜਦਾ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਉਹਨਾਂ ਦੀ ਜੀਵਨ ਸਾਥਣ ਬਲਦੀਸ਼ ਕੌਰ ਦੋਸਾਂਝ ਦਾ ਹੈ, ਜੋ ਉਹਨਾਂ ਨੂੰ ਹਰ ਸੰਘਰਸ਼ ਵਿੱਚ ਯੋਗਦਾਨ ਪਾਉਂਣ ਲਈ ਹਰ ਸਮੇਂ ਮਾਸਟਰ ਸ਼ਿੰਗਾਰਾ ਸਿੰਘ ਨੂੰ ਖ਼ੁਸ਼ੀ-ਖ਼ੁਸ਼ੀ ਘਰੋਂ ਤੋਰਦੀ ਰਹੀ ਹੈ ਅਤੇ ਕਦੇ ਵੀ ਮੱਥੇ ਵੱਟ ਨਹੀਂ ਪਾਇਆ। ਦਿੱਲੀ ਫ਼ਤਹਿ ਮੋਰਚੇ ਵਿੱਚ ਸ਼੍ਰੀ ਮਤੀ ਬਲਦੀਸ਼ ਕੌਰ ਦੋਸਾਂਝ ਵਲੋਂ ਪਾਏ ਯੋਗਦਾਨ ਨੂੰ ਵੀ ਕਦੇ ਨਹੀਂ ਭੁਲਾਇਆ ਜਾ ਸਕਦਾ।