ਨਵੀਂ ਦਿੱਲੀ(ਵੈਲਕਮ ਬਿਉਰੋ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਵੇਂ ਸਾਲ ਦੇ ਪਹਿਲੇ ਐਤਵਾਰ ਨੂੰ ਦਸਵੇਂ ਪਾਤਸ਼ਾਹ, ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ।
ਇਹ ਨਗਰ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਆਰੰਭ ਹੋਕੇ ਤਾਲਕਟੋਰਾ ਰੋਡ, ਸ਼ੰਕਰ ਰੋਡ, ਰਾਜਿੰਦਰ ਨਗਰ, ਪਟੇਲ ਨਗਰ, ਸ਼ਾਦੀਪੁਰ, ਮੋਤੀ ਨਗਰ, ਕੀਰਤੀ ਨਗਰ, ਰਮੇਸ਼ ਨਗਰ, ਰਾਜਾ ਗਾਰਡਨ, ਰਾਜੌਰੀ ਗਾਰਡਨ, ਸੁਭਾਸ਼ ਨਗਰ ਮੋੜ, ਤਿਲਕ ਨਗਰ, ਫਤਿਹ ਨਗਰ, ਜੇਲ੍ਹ ਰੋਡ ਤੋਂ ਹੁੰਦਾ ਹੋਇਆ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਏ ਬਲਾਕ ਫਤਿਹ ਨਗਰ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ ਜਿਹਨਾਂ ਮਗਰੋਂ ਸੁੰਦਰ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੁਸ਼ੋਭਿਤ ਸੀ। ਇਸ ਨਗਰ ਕੀਰਤਨ ਵਿਚ ਗੁਰੂ ਕੀਆਂ ਲਾਡੀਆਂ ਫੌਜਾਂ ਨਿਹੰਗ ਸਿੰਘਾਂ ਦੀਆਂ ਟੀਮਾਂ ਨੇ ਜਿਥੇ ਗੱਤਕੇ ਦੇ ਜੌਹਰ ਵਿਖਾਏ, ਉਥੇ ਹੀ ਵੱਖ-ਵੱਖ ਸਕੂਲਾਂ ਤੇ ਹੋਰਨਾਂ ਦੇ ਬੈਂਡ ਤੇ ਹੋਰ ਟੀਮਾਂ ਵੀ ਨਗਰ ਕੀਰਤਨ ਦਾ ਹਿੱਸਾ ਬਣੀਆਂ।
ਨਗਰ ਕੀਰਤਨ ਦਾ ਥਾਂ-ਥਾਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸਵਾਗਤ ਕੀਤਾ। ਨਗਰ ਕੀਰਤਨ ਵਿਚ ਸ਼ਾਮਲ ਸੰਗਤਾਂ ਵਾਸਤੇ ਰਸਤੇ ਵਿਚ ਸੰਗਤਾਂ ਨੇ ਚਾਹ, ਬਰੈਡ ਪਕੌੜੇ ਸਮੇਤ ਹੋਰ ਅਨੇਕਾਂ ਵਸਤਾਂ ਦੇ ਲੰਗਰ ਲਗਾਏ ਹੋਏ ਸਨ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਆਪ ਦਿੱਲੀ ਗੁਰਦੁਆਰਾ ਕਮੇਟੀ ਦੀ ਟੀਮ ਦੀ ਅਗਵਾਈ ਕਰ‌ਦਿਆਂ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਾਜਣਾ ਕਰ ਕੇ ਦੁਨੀਆਂ ਨੂੰ ਧੱਕੇਸ਼ਾਹੀ, ਜ਼ਬਰ ਤੇ ਜ਼ੁਲਮ ਤੋਂ ਬਚਾਇਆ ਹੈ। ਉਹਨਾਂ ਕਿਹਾਕਿ ਇਹ ਗੁਰੂ ਸਾਹਿਬ ਵੱਲੋਂ ਸਾਜਿਆ ਖਾਲਸਾ ਹੀ ਹੈ ਜੋ ਹਰ ਜ਼ੁਲਮ ਤੇ ਜ਼ਬਰ ਤੇ ਧੱਕੇਸ਼ਾਹੀ ਖਿਲਾਫ ਡੱਟ ਜਾਂਦਾ ਹੈ ਤੇ ਹਰ ਮੈਦਾਨ ਏ ਗੁਰੂ ਸਾਹਿਬ ਆਪ ਫਤਿਹ ਬਖਸ਼ਿਸ਼ ਕਰਦੇ ਹਨ। ਇਸ ਮੌਕੇ ਦਿੱਲੀ ਦੀਆਂ ਸੰਗਤਾਂ ਨੇ ਇਹ ਨਗਰ ਕੀਰਤਨ ਸਜਾਉਣ ਵਿਚ ਸਹਿਯੋਗ ਦੇਣ ਵਾਲੀਆਂ ਸਮੁੱਚੀਆਂ ਸਿੰਘ ਸੰਭਾਵਾਂ ਤੇ ਦਿੱਲੀ ਗੁਰਦੁਆਰਾ ਕਮੇਟੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।