ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਅੱਜ ਫਿਰੋਜ਼ਪੁਰ ਵਿਖੇ ਵੰਦੇ ਭਾਰਤ ਟ੍ਰੇਨ ਦੀ ਰਵਾਨਗੀ ਸਮੇਂ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਦੇ ਸੇਵਾਦਾਰਾਂ ਸਿਮਰਜੀਤ ਸਿੰਘ ਸੰਧੂ ਤੇ ਦਵਿੰਦਰ ਸਿੰਘ ਜੰਗ ਵੱਲੋਂ ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਜਥੇਬੰਦੀ ਵੱਲੋਂ ਭਾਰਤ ਸਰਕਾਰ ਤੋਂ ਇਹ ਜ਼ੋਰ ਨਾਲ ਮੰਗ ਕੀਤੀ ਗਈ ਕਿ ਪਿੰਡਾਂ ਵਿੱਚ ਰਹਿਣ ਵਾਲੇ ਗਰੀਬ ਜੱਟਾਂ ਜਿਨਾਂ ਕੋਲ ਕੋਈ ਰੁਜ਼ਗਾਰ ਦੇ ਸਾਧਨ ਨਹੀਂ ਹਨ। ਉਹਨਾਂ ਨੂੰ ਕਿਸਾਨ ਨਿਧੀ ਯੋਜਨਾ ਦੇ ਬਰਾਬਰ ਦੀ ਕੋਈ ਸਪੈਸ਼ਲ ਪੈਨਸ਼ਨ ਯੋਜਨਾ ਭਾਰਤ ਸਰਕਾਰ ਦੇਵੇ। ਜਿਸ ਨਾਲ ਉਹ ਆਪਣਾ ਗੁਜ਼ਾਰਾ ਕਰ ਸਕਣ। ਇਸ ਤੋਂ ਇਲਾਵਾ ਬੇਜਮੀਨੇ ਅਤੇ ਇੱਕ ਏਕੜ ਤੋਂ ਲੈ ਕੇ ਪੰਜ ਏਕੜ ਵਾਲੇ ਜਿਮੀਦਾਰਾਂ ਨੂੰ ਪਹਿਲੀ ਜਮਾਤ ਤੋਂ ਲੈ ਕੇ ਪੋਸਟ ਗ੍ਰੈਜੂਏਸ਼ਨ ਤੱਕ ਪੜ੍ਹਾਈ ਫਰੀ ਕੀਤੀ ਜਾਵੇ। ਪਹਿਲੀ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਬੇਜਮੀਨੇ ਅਤੇ ਇੱਕ ਏਕੜ ਤੋਂ ਲੈ ਕੇ ਪੰਜ ਏਕੜ ਤੱਕ ਦੇ ਜੱਟਾਂ ਨੂੰ ਸਕੂਲਾਂ ਵਿੱਚ ਵਜ਼ੀਫਾ, ਵਰਦੀਆਂ, ਅਤੇ ਫਰੀ ਪੜ੍ਹਾਈ ਦੀ ਸਕੀਮ ਦੇ ਵਿੱਚ ਲੈ ਕੇ ਆਂਦਾ ਜਾਵੇ। ਜਿਸ ਨਾਲ ਬੱਚੇ ਆਪਣਾ ਭਵਿੱਖ ਉਜੂਵਲ ਕਰ ਸਕਣ। ਤੀਜੀ ਸਭ ਤੋਂ ਵੱਡੀ ਮੰਗ ਉਹਨਾਂ ਨੇ ਕੀਤੀ ਕਿ ਜਿਸ ਤਰ੍ਹਾਂ ਬਾਰਡਰ ਤੇ ਪਹਿਲਾਂ ਵੀ ਬੇਜ਼ਮੀਨੇ ਲੋਕਾਂ ਨੂੰ ਭਾਰਤ ਸਰਕਾਰ ਨੇ ਪੰਜ ਪੰਜ ਏਕੜ ਜਮੀਨ ਸਸਤੇ ਭਾਅ ਉੱਪਰ ਦਿੱਤੀ ਹੈ। ਉਸੇ ਤਰ੍ਹਾਂ ਹੀ ਬੇਜਮੀਨੇ ਜੱਟਾਂ ਨੂੰ ਵੀ ਬਾਰਡਰ ਉੱਪਰ ਪਈ ਸਰਕਾਰੀ ਜਮੀਨ ਵਿੱਚੋਂ ਪੰਜ ਪੰਜ ਏਕੜ ਜਮੀਨ ਸਸਤੇ ਭਾਅ ਉੱਪਰ ਰਜਿਸਟਰੀ ਕਰਕੇ ਉਹਨਾਂ ਨੂੰ ਮਾਲਕੀ ਦਿੱਤੀ ਜਾਵੇ। ਨਾਲ ਹੀ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਵੱਲੋਂ ਵੱਡੀ ਮੰਗ ਕੀਤੀ ਗਈ ਕਿ ਪੰਜਾਬ ਵਿੱਚ ਐਸਸੀ ਕਮਿਸ਼ਨ ਅਤੇ ਬੀਸੀ ਕਮਿਸ਼ਨ ਦੀ ਤਰਜ ਤੇ ਇੱਕ ਜੱਟ ਕਮਿਸ਼ਨ ਬਣਾਇਆ ਜਾਵੇ ਤਾਂ ਜੋ ਜੱਟ ਭਾਈਚਾਰਾ ਵੀ ਆਪਣੇ ਮਸਲੇ ਮਜਬੂਤੀ ਨਾਲ ਉਠਾ ਸਕੇ। ਇਹ ਮੰਗ ਪੱਤਰ ਦੇਣ ਸਮੇਂ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਦੇ ਸੇਵਾਦਾਰਾਂ ਸਿਮਰਜੀਤ ਸਿੰਘ ਸੰਧੂ ਤੇ ਦਵਿੰਦਰ ਸਿੰਘ ਜੰਗ ਦੇ ਨਾਲ ਇਸ ਮੌਕੇ ਨਸੀਬ ਸਿੰਘ ਸੰਧੂ, ਗੁਰਪ੍ਰੀਤ ਸਿੰਘ ਪੱਡਾ, ਸਾਹਿਬ ਸਿੰਘ ਮੁਦਕਾ, ਲਖਬੀਰ ਸਿੰਘ ਸੰਧੂ, ਵਿੱਕੀ ਸਿੱਧੂ ਸਮੇਤ ਹੋਰ ਵੀ ਬਹੁਤ ਸਾਰੇ ਜੱਟ ਭਾਈਚਾਰੇ ਦੇ ਆਗੂ ਹਾਜ਼ਰ ਸਨ।