ਨੈਸ਼ਨਲ ਡੈਸਕ- ਮੌਸਮ ਵਿਭਾਗ ਦੇ ਡਾਇਰੈਕਟਰ ਅਨੁਸਾਰ ਪੰਜਾਬ ਵਿੱਚ ਕੁੱਝ ਦਿਨ ਮੌਸਮ ਠੰਡੀ ਹਵਾ ਅਤੇ ਧੁੰਦ ਵਾਲਾ ਹੀ ਰਹੇਗਾ ਅਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਪੰਜਾਬ ਵਿਚ ਪੈ ਰਹੀ ਕੜਾਕੇ ਦੀ ਠੰਡ ਕਰਕੇ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਵਿਜ਼ੀਬਿਲਟੀ ਬਹੁਤ ਘੱਟ ਗਈ ਹੈ ਅਤੇ ਵਾਹਨਾਂ ਦੀ ਆਵਾਜਾਈ ਹੌਲੀ ਹੈ। ਦੇਸ਼ ਵਿੱਚ 23 ਦਸੰਬਰ ਤੋਂ ਸੀਤ ਲਹਿਰ ਦਾ ਪ੍ਰਕੋਪ ਦੇਖਿਆ ਜਾ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਪੰਜ ਦਿਨਾਂ ਤੱਕ ਦਿੱਲੀ, ਹਿਮਾਚਲ, ਪੰਜਾਬ, ਹਰਿਆਣਾ, ਉੱਤਰਾਖੰਡ ਅਤੇ ਉੱਤਰੀ ਰਾਜਸਥਾਨ ਵਿੱਚ ਸੀਤ ਲਹਿਰ ਦਾ ਅਸਰ ਦੇਖਿਆ ਜਾ ਸਕਦਾ ਹੈ। ਸਵੇਰੇ ਹਵਾ ਦੀ ਰਫ਼ਤਾਰ ਵੀ ਤੇਜ਼ ਰਹੇਗੀ। ਪੰਜਾਬ ਵਿੱਚ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਸੰਘਣੀ ਧੁੰਦ ਅਤੇ ਸੀਤ ਲਹਿਰ ਕਰਕੇ ਪੰਜਾਬ ਦੇ ਕਈ ਜਿਲ੍ਹੇ ਲਪੇਟ ਵਿੱਚ ਹਨ। ਸੰਘਣੀ ਧੁੰਦ ਕਾਰਨ ਵਾਹਨ ਦੀ ਗਤੀ ਹੌਲੀ ਹੋ ਗਈ ਹੈ। ਧੁੰਦ ਕਾਰਨ 20 ਤੋਂ ਵੱਧ ਟਰੇਨਾਂ ਡੇਢ ਘੰਟੇ ਤੋਂ ਅੱਠ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਬੀਤੇ ਦਿਨੀ ਰੈੱਡ ਅਲਰਟ ਜਾਰੀ ਕੀਤਾ ਹੈ। ਦਿਨੋਂ ਦਿਨ ਤਾਪਮਾਨ ਵਿੱਚ ਗਿਰਾਵਟ ਆ ਰਹੀ ਹੈ। ਸੀਜ਼ਨ ਦੀ ਪਹਿਲੀ ਕੜਾਕੇ ਦੀ ਠੰਢ ਨੇ ਲੋਕਾਂ ਨੂੰ ਘਰਾਂ ਵਿੱਚ ਲੁਕਣ ਲਈ ਮਜਬੂਰ ਕਰ ਦਿੱਤਾ ਹੈ। ਦੂਜੇ ਪਾਸੇ ਬਾਜ਼ਾਰਾਂ ਵਿੱਚ ਦੁਕਾਨਦਾਰ ਅੱਗ ਬਾਲ ਕੇ ਆਪਣੇ ਆਪ ਨੂੰ ਠੰਢ ਤੋਂ ਬਚਾਉਂਦੇ ਦੇਖੇ ਗਏ। ਸਵੇਰ ਤੋਂ ਹੀ ਸੰਘਣੀ ਧੁੰਦ ਪੈਣ ਕਾਰਨ ਠੰਢ ਹੋਰ ਵਧ ਗਈ।