ਰੱਖੜੀ ਮੌਕੇ ਜਲੰਧਰ ਹੈੱਡ ਪੋਸਟ ਆਫ਼ਿਸ ਦਾ ਵੱਡਾ ਫੈਸਲਾ, 15 ਜੁਲਾਈ ਤੋਂ ਹਰ ਐਤਵਾਰ ਰਹੇਗਾ ਖੁੱਲ੍ਹਾ

ਜਲੰਧਰ (ਅਰਸ਼ਦੀਪ ਸਿੰਘ ਕਾਲੜਾ)  :- ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਰੱਖੜੀ 28 ਅਗਸਤ ਨੂੰ ਮਨਾਇਆ ਜਾਵੇਗਾ। ਇਸ ਮੌਕੇ ਭੈਣਾਂ ਨੂੰ ਰਾਖੀਆਂ ਸਮੇਂ ਸਿਰ ਆਪਣੇ ਭਰਾਵਾਂ ਤੱਕ ਪਹੁੰਚਾਉਣ ਲਈ ਜਲੰਧਰ ਹੈੱਡ ਪੋਸਟ ਆਫ਼ਿਸ ਨੇ ਵਿਸ਼ੇਸ਼ ਪ੍ਰਬੰਧ ਕੀਤੇ ਹਨ।

ਡਾਕ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ 15 ਜੁਲਾਈ ਤੋਂ 28 ਅਗਸਤ ਤੱਕ ਹਰ ਐਤਵਾਰ ਜਲੰਧਰ ਹੈੱਡ ਪੋਸਟ ਆਫ਼ਿਸ ਖੁੱਲ੍ਹਾ ਰਹੇਗਾ। ਇਸ ਦੌਰਾਨ ਲੋਕ ਰਾਖੀਆਂ ਅਤੇ ਹੋਰ ਡਾਕ ਸਮੱਗਰੀ ਦੀ ਬੁਕਿੰਗ ਆਸਾਨੀ ਨਾਲ ਕਰਵਾ ਸਕਣਗੇ।

ਡਾਕ ਵਿਭਾਗ ਦਾ ਕਹਿਣਾ ਹੈ ਕਿ ਇਸ ਵਿਸ਼ੇਸ਼ ਪ੍ਰਬੰਧ ਦਾ ਮਕਸਦ ਭੈਣਾਂ ਨੂੰ ਸੁਵਿਧਾ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਆਪਣੇ ਭਰਾਵਾਂ ਨੂੰ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਸਮੇਂ ਸਿਰ ਰਾਖੀ ਭੇਜ ਸਕਣ।

ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਖ਼ਰੀ ਸਮੇਂ ਦੀ ਭੀੜ ਤੋਂ ਬਚਣ ਲਈ ਰਾਖੀਆਂ ਪਹਿਲਾਂ ਹੀ ਡਾਕ ਰਾਹੀਂ ਭੇਜਣ, ਜਿਸ ਨਾਲ ਉਹ ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਆਪਣੇ ਮੰਜ਼ਿਲ ਤੱਕ ਪਹੁੰਚ ਸਕਣ।