ਨਵੀਂ ਦਿੱਲੀ, 21 ਸਤੰਬਰ: ਧਰਮ ਪ੍ਰਚਾਰ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੀਆਂ ਬੀਬੀਆਂ ਤੇ ਭੈਣਾਂ ਦੇ ਸਹਿਯੋਗ ਨਾਲ ਤੂੰ ਸਤਵੰਤੀ, ਤੂੰ ਪ੍ਰਧਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਹੈ।
ਅੱਜ ਬੀਬੀਆਂ ਤੇ ਭੈਣਾਂ ਨਾਲ ਇਕ ਵਿਸ਼ਾਲ ਮੀਟਿੰਗ ਮਗਰੋਂ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਮਾਤਾ ਸਾਹਿਬ ਕੌਰ, ਮਾਤਾ ਸੁੰਦਰੀ ਤੇ ਮਾਤਾ ਗੁਜਰੀ ਜੀ ਦੇ ਜੀਵਨ ਬਾਰੇ ਚਰਚਾ ਕੀਤੀ ਜਾਵੇਗੀ। ਇਸ ’ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਕਿਵੇਂ ਇਹਨਾਂ ਮਾਵਾਂ ਨੇ ਆਪਣੇ ਸੂਰਬੀਰ ਤੇ ਯੋਧੇ ਪੁੱਤਰਾਂ ਨੂੰ ਜਨਮ ਦੇ ਕੇ ਉਹਨਾਂ ਦਾ ਪਾਲਣਾ ਪੋਸ਼ਣ ਕੀਤਾ ਜਿਸਦੀ ਬਦੌਲਤ ਉਹ ਸੂਰਬੀਰ ਯੋਧੇ ਬਣੇ। ਉਹਨਾਂ ਕਿਹਾ ਕਿ ਇਹਨਾਂ ਦੇ ਜੀਵਨ ਤੇ ਇਹਨਾਂ ਵੱਲੋਂ ਦਿੱਤੀ ਸਿੱਖਿਆ ਦੇ ਅਧਿਐਨ ਨਾਲ ਹੀ ਅਸੀਂ ਅਜੋਕੀਆਂ ਮਾਵਾਂ ਨੂੰ ਇਹ ਸਿੱਖਿਆ ਦੇ ਸਕਦੇ ਹਾਂ ਕਿ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਜਿਸਦੀ ਬਦੌਲਤ ਉਹਨਾਂ ਦੇ ਬੱਚੇ ਵੀ ਸੂਰਬੀਰ ਯੋਧੇ ਬਣਨ ਤੇ ਸਿੱਖੀ ਤੋਂ ਦੂਰ ਨਾ ਜਾਣ।
ਉਹਨਾਂ ਕਿਹਾ ਕਿ ਅੱਜ ਜੇਕਰ ਬੱਚੇ ਸਿੱਖੀ ਤੋਂ ਮੁਨਕਰ ਹੋ ਰਹੇ ਹਨ ਤਾਂ ਉਸ ਲਈ ਬੱਚਿਆਂ ਦੇ ਪਾਲਣ ਪੋਸ਼ਣ ਦਾ ਤਰੀਕਾ ਵੀ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਇਹਨਾਂ ਮਾਤਾਵਾਂ ਦੇ ਜੀਵਨ ਅਧਿਐਨ ਨਾਲ ਮਾਵਾਂ ਬੱਚਿਆਂ ਨੂੰ ਸਿੱਖੀ ਨਾਲ ਜੋੜ ਸਕਦੀਆਂ ਹਨ।
ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਵਾਸਤੇ ਇਸਤਰੀ ਸਤਿਸੰਗਤ ਜੱਥਿਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਡੇ ਕੋਲ ਅਜਿਹੀਆਂ ਸ਼ਖਸੀਅਤਾਂ ਦੀਆਂ ਉਦਾਹਰਣਾਂ ਹਨ ਜਿਹਨਾਂ ਦੇ ਜੀਵਨ ਬਾਰੇ ਪੜ੍ਹ ਕੇ ਅਸੀਂ ਸਮਾਜ ਨੂੰ ਚੰਗੀ ਸੇਧ ਦੇ ਸਕਦੇ ਹਾਂ ਜਿਸ ਨਾਲ ਸਿੱਖ ਕੌਮ ਚੜ੍ਹਦੀਕਲਾ ਵਿਚ ਜਾ ਸਕਦੀ ਹੈ।
ਉਹਨਾਂ ਕਿਹਾ ਕਿ ਜਿਹੜੀ ਬੱਚੇ ਦੀ ਅਸਲੀ ਉਸਤਾਦ ਉਸਦੀ ਮਾਤਾ ਹੀ ਹੁੰਦੀ ਹੈ ਜੋ 3 ਸਾਲ ਦੀ ਉਮਰ ਤੱਕ ਇਕੱਲਿਆਂ ਹੀ ਉਸਨੂੰ ਪੜ੍ਹਾਉਂਦੀ ਹੈ।
ਉਹਨਾਂ ਦੱਸਿਆ ਕਿ ਅੱਜ ਦੀ  ਮੀਟਿੰਗ ਬਹੁਤ ਸਫਲ ਰਹੀ। ਉਹਨਾਂ ਦੱਸਿਆ ਕਿ ਦਿੱਲੀ ਦੇ ਵੱਖ-ਵੱਖ ਇਲਾਕਿਆਂ ਤੋਂ ਸੰਗਤਾਂ ਇਸ ਪ੍ਰੋਗਰਾਮ ਵਿਚ ਸਹਿਯੋਗ ਕਰਨਗੀਆਂ।
ਇਸ ਨਾਲ ਪ੍ਰਚਾਰ ਦੀ ਇਕ ਲਹਿਰ ਬਣਾਈ ਜਾਵੇਗੀ।