Skip to content
ਇੰਦੌਰ (ਅਮਿਤ ਨੱਖਵਾਲ): ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ 15 ਨਵੰਬਰ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਸਥਿਤ C-21 ਮਾਲ ਵਿੱਚ ਹੋਣ ਵਾਲੇ ਲਾਈਵ ਕੰਸਰਟ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਚੰਡੀਗੜ੍ਹ ਦੇ ਇੱਕ ਪ੍ਰੋਫੈਸਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੇ ਕੰਸਰਟ ਦੌਰਾਨ ਦਿਲਜੀਤ ਦੇ ਚਾਰ ਗੀਤ ਗਾਉਣ ’ਤੇ ਰੋਕ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।
ਪਾਬੰਦੀ ਵਾਲੇ ਗੀਤਾਂ ਵਿੱਚ ‘ਪਟਿਆਲਾ ਪੈੱਗ’, ‘5 ਤਾਰਾ ਠੇਕੇ’, ‘ਜੇਬ ਵਿੱਚੋਂ ਲੱਭਿਆ’ ਅਤੇ ‘ਜੱਟ ਉੱਥੇ ਫਾਇਰ ਕਰਦਾ ਜਿੱਥੇ ਪਾਬੰਦੀ ਹਥਿਆਰਾਂ ਦੀ’ ਸ਼ਾਮਲ ਹਨ। ਅਧਿਕਾਰੀਆਂ ਵੱਲੋਂ ਇਹ ਕਦਮ ਗੀਤਾਂ ਦੇ ਬੋਲਾਂ ਦਾ ਛੋਟੇ ਬੱਚਿਆਂ ’ਤੇ ਪੈਣ ਵਾਲੇ ਸੰਭਾਵੀ ਮਾੜੇ ਪ੍ਰਭਾਵ ਨੂੰ ਧਿਆਨ ਵਿੱਚ ਰੱਖਦਿਆਂ ਚੁੱਕਿਆ ਗਿਆ ਹੈ।
ਜਾਣਕਾਰੀ ਅਨੁਸਾਰ, 6 ਨਵੰਬਰ ਨੂੰ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਅਧੀਨ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੇ C-21 ਮਾਲ ਦੇ ਪ੍ਰਬੰਧਕਾਂ ਨੂੰ ਪੱਤਰ ਜਾਰੀ ਕਰਕੇ ਹਦਾਇਤ ਕੀਤੀ ਕਿ ਕੰਸਰਟ ਦੌਰਾਨ ਉਕਤ ਚਾਰ ਗੀਤ ਨਾ ਗਾਏ ਜਾਣ। ਪੱਤਰ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 22 ਜੁਲਾਈ 2019 ਨੂੰ ਜਾਰੀ ਕੀਤੇ ਗਏ ਹੁਕਮਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਸਮਾਗਮ ਵਿੱਚ ਪੰਜ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਵੀ ਸ਼ਾਮਲ ਹੋਣ ਦੀ ਇਜਾਜ਼ਤ ਹੈ। ਇਸ ਲਈ ਬੱਚਿਆਂ ਦੀ ਉਮਰ ਅਤੇ ਉਨ੍ਹਾਂ ’ਤੇ ਗੀਤਾਂ ਦੇ ਬੋਲਾਂ ਦੇ ਸੰਭਾਵੀ ਪ੍ਰਭਾਵ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਇਸ ਪੱਤਰ ਦੀਆਂ ਕਾਪੀਆਂ ਇੰਦੌਰ ਦੇ ਡਿਪਟੀ ਕਮਿਸ਼ਨਰ (ਕਲੈਕਟਰ), ਸਬੰਧਤ ਮਾਲ ਅਧਿਕਾਰੀਆਂ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਅਤੇ ਵਿਜੇ ਨਗਰ ਪੁਲਿਸ ਥਾਣੇ ਦੇ ਐੱਸ.ਐੱਚ.ਓ. ਨੂੰ ਵੀ ਭੇਜੀਆਂ ਗਈਆਂ ਹਨ।
ਦੱਸਣਯੋਗ ਹੈ ਕਿ ਚੰਡੀਗੜ੍ਹ ਦੇ ਪ੍ਰੋਫੈਸਰ ਡਾ. ਪੰਡਿਤਰਾਓ ਧਰੇਨਾਵਰ ਨੇ ਆਪਣੀ ਸ਼ਿਕਾਇਤ ਵਿੱਚ ਚਾਰ ਗੀਤਾਂ ’ਤੇ ਰੋਕ ਲਗਾਉਣ ਤੋਂ ਇਲਾਵਾ ਬੱਚਿਆਂ ਨੂੰ ਸਟੇਜ ’ਤੇ ਨਾ ਬੁਲਾਉਣ ਅਤੇ ਗਾਇਕ ਦਿਲਜੀਤ ਦੋਸਾਂਝ ਨੂੰ ਕਾਰਤੂਸਾਂ ਵਾਲੀ ਬੈਲਟ ਪਹਿਨਣ ਤੋਂ ਰੋਕਣ ਦੀ ਵੀ ਮੰਗ ਕੀਤੀ ਸੀ। ਉਨ੍ਹਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਵੱਖ-ਵੱਖ ਦਲੀਲਾਂ ਪੇਸ਼ ਕੀਤੀਆਂ ਹਨ।
ਦਿਲਜੀਤ ਦੋਸਾਂਝ ਦਾ ‘ਆਰਾ ਇੰਡੀਆ’ ਟੂਰ ਇਨ੍ਹੀਂ ਦਿਨੀਂ ਜਾਰੀ ਹੈ ਅਤੇ ਇੰਦੌਰ ਵਿੱਚ ਹੋਣ ਵਾਲਾ ਇਹ ਭਾਰਤ ਵਿੱਚ ਉਨ੍ਹਾਂ ਦਾ ਦੂਜਾ ਸ਼ੋਅ ਦੱਸਿਆ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਨਿਰਦੇਸ਼ਾਂ ਦੇ ਮੱਦੇਨਜ਼ਰ ਕੰਸਰਟ ਦਾ ਆਯੋਜਨ ਕਿਵੇਂ ਕੀਤਾ ਜਾਂਦਾ ਹੈ।
ਰਿਪੋਰਟ: ਅਮਿਤ ਨੱਖਵਾਲ
Related