
Skip to content

ਅਮਿਤ ਨਖਵਾਲ: ਦਿਲਜੀਤ ਦੋਸਾਂਝ ਅਭਿਨੀਤ ਫ਼ਿਲਮ ‘ਸਤਲੁਜ’ ਇੱਕ ਵਾਰ ਫਿਰ ਚਰਚਾ ਦਾ ਕੇਂਦਰ ਬਣ ਗਈ ਹੈ। ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ ‘ਤੇ ਆਧਾਰਿਤ ਇਸ ਫ਼ਿਲਮ ਨੂੰ ਜ਼ੀ5 ‘ਤੇ ਰਿਲੀਜ਼ ਕੀਤਾ ਗਿਆ ਸੀ, ਪਰ ਰਿਲੀਜ਼ ਤੋਂ ਕੇਵਲ ਦੋ ਦਿਨ ਬਾਅਦ ਹੀ ਭਾਰਤ ਵਿੱਚ ਇਸ ਦੀ ਸਟ੍ਰੀਮਿੰਗ ਅਗਲੇ ਹੁਕਮਾਂ ਤੱਕ ਰੋਕ ਦਿੱਤੀ ਗਈ।
ਜ਼ੀ5 ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਦੇਸ਼ ਦੇ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਨਾਲ ਹੀ ਪਲੇਟਫਾਰਮ ਨੇ ਇਹ ਵੀ ਦੱਸਿਆ ਕਿ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਬੇਹੱਦ ਵਧੀਆ ਹੁੰਗਾਰਾ ਮਿਲਿਆ ਹੈ ਅਤੇ ਇਸ ਨੂੰ ਜਲਦ ਤੋਂ ਜਲਦ ਮੁੜ ਉਪਲਬਧ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਫ਼ਿਲਮ 1990 ਦੇ ਦਹਾਕੇ ਦੇ ਪੰਜਾਬ ਦੇ ਸੰਵੇਦਨਸ਼ੀਲ ਦੌਰ ਨੂੰ ਦਰਸਾਉਂਦੀ ਹੈ। ਇਸ ਵਿੱਚ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ, ਉਨ੍ਹਾਂ ਦੇ ਸੰਘਰਸ਼ ਅਤੇ ਉਸ ਸਮੇਂ ਨਾਲ ਜੁੜੇ ਗੰਭੀਰ ਮੁੱਦਿਆਂ ਨੂੰ ਪੇਸ਼ ਕੀਤਾ ਗਿਆ ਹੈ। ਫ਼ਿਲਮ ਵਿੱਚ ਪੁਲਿਸ ਜ਼ਿਆਦਤੀਆਂ, ਕਥਿਤ ਜਾਅਲੀ ਮੁੱਠਭੇੜਾਂ ਅਤੇ ਲਾਪਤਾ ਹੋਏ ਲੋਕਾਂ ਦੇ ਮਾਮਲਿਆਂ ਨੂੰ ਵੀ ਛੂਹਿਆ ਗਿਆ ਹੈ।
ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਵੀ ਇਸ ਨੂੰ ਲੈ ਕੇ ਲੰਬਾ ਵਿਵਾਦ ਰਿਹਾ। ਸੈਂਸਰ ਬੋਰਡ ਵੱਲੋਂ ਫ਼ਿਲਮ ਨੂੰ ਮਨਜ਼ੂਰੀ ਮਿਲਣ ਵਿੱਚ ਕਈ ਸਾਲ ਲੱਗੇ ਅਤੇ ਕਈ ਤਬਦੀਲੀਆਂ ਦੀ ਮੰਗ ਕੀਤੀ ਗਈ। ਨਿਰਦੇਸ਼ਕ ਹਨੀ ਤ੍ਰੇਹਾਨ ਅਤੇ ਦਿਲਜੀਤ ਦੋਸਾਂਝ ਨੇ ਫ਼ਿਲਮ ਦੀ ਮੂਲ ਪੇਸ਼ਕਾਰੀ ਨੂੰ ਕਾਇਮ ਰੱਖਣ ‘ਤੇ ਜ਼ੋਰ ਦਿੱਤਾ। ਇਸ ਦੌਰਾਨ ਫ਼ਿਲਮ ਦਾ ਪਹਿਲਾਂ ਰੱਖਿਆ ਗਿਆ ਨਾਮ ‘ਪੰਜਾਬ 95’ ਬਦਲ ਕੇ ‘ਸਤਲੁਜ’ ਕਰ ਦਿੱਤਾ ਗਿਆ।
ਭਾਰਤ ਵਿੱਚ ਫ਼ਿਲਮ ਦੀ ਸਟ੍ਰੀਮਿੰਗ ਰੋਕੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਸ ਫ਼ੈਸਲੇ ਨੂੰ ਲੈ ਕੇ ਤਿੱਖੀ ਚਰਚਾ ਛਿੜ ਗਈ ਹੈ। ਕਈ ਲੋਕ ਇਸ ਨੂੰ ਅਭਿਵੈਕਤੀ ਦੀ ਆਜ਼ਾਦੀ ਨਾਲ ਜੋੜ ਕੇ ਦੇਖ ਰਹੇ ਹਨ, ਜਦਕਿ ਹੋਰਾਂ ਦਾ ਮੰਨਣਾ ਹੈ ਕਿ ਸੰਵੇਦਨਸ਼ੀਲ ਵਿਸ਼ਿਆਂ ਨੂੰ ਪੇਸ਼ ਕਰਦੇ ਸਮੇਂ ਸਾਵਧਾਨੀ ਲਾਜ਼ਮੀ ਹੈ। ਫ਼ਿਲਹਾਲ ਦਰਸ਼ਕਾਂ ਦੀ ਨਜ਼ਰ ਇਸ ਗੱਲ ‘ਤੇ ਟਿਕੀ ਹੋਈ ਹੈ ਕਿ ਫ਼ਿਲਮ ਨੂੰ ਭਾਰਤ ਵਿੱਚ ਦੁਬਾਰਾ ਸਟ੍ਰੀਮ ਕਰਨ ਬਾਰੇ ਅਗਲਾ ਫ਼ੈਸਲਾ ਕਦੋਂ ਲਿਆ ਜਾਂਦਾ ਹੈ।

Related