ਜਲੰਧਰ (ਅਰਸ਼ਦੀਪ ਸਿੰਘ ਕਾਲੜਾ)  :- ਲਗਾਤਾਰ ਬਿਜਲੀ ਕੱਟਾਂ, ਘੱਟ ਵੋਲਟੇਜ ਅਤੇ ਟ੍ਰਾਂਸਫਾਰਮਰ ਦੀਆਂ ਖਰਾਬੀਆਂ ਤੋਂ ਤੰਗ ਆਏ ਦਿਲਕੁਸ਼ਾ ਮਾਰਕੀਟ ਦੇ ਦੁਕਾਨਦਾਰਾਂ ਨੇ ਬੁੱਧਵਾਰ ਨੂੰ ਕੰਪਨੀ ਬਾਗ ਚੌਕ ਵਿਖੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਰਿਸ਼ੂ ਵਰਮਾ ਨੇ ਕਿਹਾ ਕਿ ਬਿਜਲੀ ਦੀ ਸਮੱਸਿਆ ਕਾਰਨ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਦਵਾਈਆਂ ਦਾ ਸਟਾਕ ਖਰਾਬ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।

ਰਿਸ਼ੂ ਵਰਮਾ ਨੇ ਦੱਸਿਆ ਕਿ ਦਿਲਕੁਸ਼ਾ ਮਾਰਕੀਟ ਦੋਆਬਾ ਦੀ ਸਭ ਤੋਂ ਵੱਡੀ ਦਵਾਈ ਮਾਰਕੀਟ ਹੈ, ਜਿੱਥੇ ਵੱਡੀ ਮਾਤਰਾ ਵਿੱਚ ਦਵਾਈਆਂ ਨੂੰ ਰੈਫ੍ਰਿਜਰੇਟਰ ਵਿੱਚ ਸੰਭਾਲ ਕੇ ਰੱਖਣਾ ਪੈਂਦਾ ਹੈ। ਪਰ ਲਗਾਤਾਰ ਬਿਜਲੀ ਕੱਟਾਂ ਅਤੇ ਘੱਟ ਵੋਲਟੇਜ ਕਾਰਨ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਐੱਸ.ਡੀ.ਓ., ਐਕਸਈਐਨ., ਜੇ.ਈ. ਅਤੇ ਬਿਜਲੀ ਵਿਭਾਗ ਦੇ ਹੋਰ ਅਧਿਕਾਰੀਆਂ ਨੂੰ ਕਈ ਵਾਰ ਇਸ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ, ਪਰ ਅਜੇ ਤੱਕ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਲਗਾਤਾਰ ਦੋ ਦਿਨ ਬਿਜਲੀ ਸਪਲਾਈ ਬੰਦ ਰਹੀ ਸੀ। ਵਿਭਾਗ ਨੇ ਸਮੱਸਿਆ ਹੱਲ ਹੋਣ ਦਾ ਦਾਅਵਾ ਕੀਤਾ, ਪਰ ਸੋਮਵਾਰ ਸਵੇਰੇ ਮੁੜ ਟ੍ਰਾਂਸਫਾਰਮਰ ਵਿੱਚੋਂ ਤੇਜ਼ ਧਮਾਕਿਆਂ ਵਰਗੀਆਂ ਆਵਾਜ਼ਾਂ ਆਉਣ ਲੱਗੀਆਂ, ਜਿਸ ਕਾਰਨ ਬਿਜਲੀ ਸਪਲਾਈ ਫਿਰ ਪ੍ਰਭਾਵਿਤ ਹੋ ਗਈ।

ਮਾਰਕੀਟ ਐਸੋਸੀਏਸ਼ਨ ਨੇ ਬਿਜਲੀ ਵਿਭਾਗ ਨੂੰ ਅੱਜ ਸ਼ਾਮ ਤੱਕ ਸਮੱਸਿਆ ਦਾ ਹੱਲ ਕਰਨ ਲਈ ਸਮਾਂ ਦਿੱਤਾ ਹੈ। ਜੇਕਰ ਨਿਰਧਾਰਤ ਸਮੇਂ ਤੱਕ ਬਿਜਲੀ ਪ੍ਰਬੰਧ ਠੀਕ ਨਾ ਹੋਇਆ ਤਾਂ ਬੁੱਧਵਾਰ ਨੂੰ ਕੰਪਨੀ ਬਾਗ ਚੌਕ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।

ਰਿਸ਼ੂ ਵਰਮਾ ਨੇ ਕਿਹਾ ਕਿ ਘੱਟ ਵੋਲਟੇਜ ਅਤੇ ਵਾਰ-ਵਾਰ ਬਿਜਲੀ ਜਾਣ ਕਾਰਨ ਕਈ ਦੁਕਾਨਦਾਰਾਂ ਦੇ ਏ.ਸੀ. ਅਤੇ ਫਰਿੱਜ ਵੀ ਖਰਾਬ ਹੋ ਚੁੱਕੇ ਹਨ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਬਿਜਲੀ ਵਿਭਾਗ ਇਸ ਸਮੱਸਿਆ ਦਾ ਜਲਦ ਤੋਂ ਜਲਦ ਸਥਾਈ ਹੱਲ ਯਕੀਨੀ ਬਣਾਏ।