ਡਿੰਪਲ ਕਤਲਕਾਂਡ: ਆਨਲਾਈਨ ਮੰਗਵਾਏ ਚਾਕੂਆਂ ਨਾਲ ਰਚੀ ਸੀ ਮੌਤ ਦੀ ਸਾਜ਼ਿਸ਼, ਮੁਲਜ਼ਮ ਨੇ ਕੀਤਾ ਕਬੂਲ

ਐਸ.ਏ.ਐਸ. ਨਗਰ : ਫੇਜ਼-11 ਸਥਿਤ ਬੈਸਟੈਕ ਮਾਲ ਵਿੱਚ ਨਿੱਜੀ ਕੰਪਨੀ ਦੀ ਮੁਲਾਜ਼ਮ ਡਿੰਪਲ ਦੇ ਦਿਨ-ਦਿਹਾੜੇ ਹੋਏ ਕਤਲ ਮਾਮਲੇ ਦੀ ਜਾਂਚ ਦੌਰਾਨ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆਏ ਹਨ। ਪੁਲਿਸ ਰਿਮਾਂਡ ਦੌਰਾਨ ਮੁਲਜ਼ਮ ਹਰਜਿੰਦਰ ਸਿੰਘ ਉਰਫ਼ ਹੈਰੀ ਮਾਨ ਨੇ ਮੰਨਿਆ ਹੈ ਕਿ ਉਸ ਨੇ ਇਹ ਕਤਲ ਅਚਾਨਕ ਨਹੀਂ, ਸਗੋਂ ਪਹਿਲਾਂ ਤੋਂ ਪੂਰੀ ਯੋਜਨਾ ਬਣਾ ਕੇ ਕੀਤਾ ਸੀ।

ਜਾਂਚ ਅਨੁਸਾਰ ਮੁਲਜ਼ਮ ਨੇ ਵਾਰਦਾਤ ਤੋਂ ਪਹਿਲਾਂ ਇੱਕ ਆਨਲਾਈਨ ਐਪ ਰਾਹੀਂ ਤਿੰਨ ਚਾਕੂਆਂ ਦਾ ਸੈੱਟ ਮੰਗਵਾਇਆ ਸੀ। ਇਨ੍ਹਾਂ ਵਿੱਚੋਂ ਇੱਕ ਤੇਜ਼ਧਾਰ ਚਾਕੂ ਨਾਲ ਉਸ ਨੇ ਆਪਣੀ ਸਹਿਕਰਮੀ ਡਿੰਪਲ ਦਾ ਕਤਲ ਕੀਤਾ। ਦੋ ਦਿਨਾਂ ਦੇ ਪੁਲਿਸ ਰਿਮਾਂਡ ਦੌਰਾਨ ਪੁਲਿਸ ਨੇ ਕਤਲ ਵਿੱਚ ਵਰਤਿਆ ਗਿਆ ਚਾਕੂ ਅਤੇ ਸੈੱਟ ਦੇ ਬਾਕੀ ਦੋ ਚਾਕੂ ਵੀ ਬਰਾਮਦ ਕਰਕੇ ਸਬੂਤ ਵਜੋਂ ਕਬਜ਼ੇ ਵਿੱਚ ਲੈ ਲਏ ਹਨ।

ਪੁਲਿਸ ਅਧਿਕਾਰੀਆਂ ਮੁਤਾਬਕ ਹਰਜਿੰਦਰ ਸਿੰਘ ਵਾਰਦਾਤ ਵਾਲੇ ਦਿਨ ਪਹਿਲਾਂ ਤੋਂ ਹੀ ਚਾਕੂ ਲੈ ਕੇ ਦਫ਼ਤਰ ਪਹੁੰਚਿਆ ਸੀ ਅਤੇ ਮੌਕੇ ਦੀ ਤਲਾਸ਼ ਵਿੱਚ ਸੀ। ਜਿਵੇਂ ਹੀ ਉਸ ਨੇ ਡਿੰਪਲ ਨੂੰ ਇਕੱਲੀ ਬੈਠੀ ਦੇਖਿਆ, ਉਸ ਨੇ ਆਪਣੀ ਪਹਿਲਾਂ ਤੋਂ ਬਣਾਈ ਯੋਜਨਾ ਨੂੰ ਅਮਲ ਵਿੱਚ ਲਿਆ ਦਿੱਤਾ।

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਇਹ ਵੀ ਦੱਸਿਆ ਕਿ ਉਸ ਨੇ ਚਾਕੂਆਂ ਦਾ ਸੈੱਟ ਖਾਸ ਤੌਰ ’ਤੇ ਡਿੰਪਲ ਦੀ ਹੱਤਿਆ ਕਰਨ ਦੇ ਮਕਸਦ ਨਾਲ ਹੀ ਖਰੀਦਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹ ਤੱਥ ਸਾਬਤ ਕਰਦਾ ਹੈ ਕਿ ਵਾਰਦਾਤ ਪੂਰੀ ਤਰ੍ਹਾਂ ਪੂਰਵ-ਯੋਜਨਾਬੱਧ ਸੀ। ਹੁਣ ਪੁਲਿਸ ਆਨਲਾਈਨ ਖਰੀਦਦਾਰੀ ਨਾਲ ਜੁੜੇ ਡਿਜੀਟਲ ਰਿਕਾਰਡ ਅਤੇ ਹੋਰ ਸਬੂਤਾਂ ਦੀ ਜਾਂਚ ਕਰ ਰਹੀ ਹੈ।

ਜਾਂਚ ਮੁਤਾਬਕ ਡਿੰਪਲ ਅਤੇ ਹਰਜਿੰਦਰ ਸਿੰਘ ਇੱਕੋ ਕੰਪਨੀ ਵਿੱਚ ਕੰਮ ਕਰਦੇ ਸਨ। ਵਾਰਦਾਤ ਵਾਲੇ ਦਿਨ ਮੁਲਜ਼ਮ ਨੇ ਪਿੱਛੋਂ ਆ ਕੇ ਪਹਿਲਾਂ ਡਿੰਪਲ ਦੀ ਪਿੱਠ ਅਤੇ ਗਰਦਨ ’ਤੇ ਚਾਕੂ ਨਾਲ ਹਮਲਾ ਕੀਤਾ। ਜਦੋਂ ਡਿੰਪਲ ਜਾਨ ਬਚਾਉਣ ਲਈ ਭੱਜੀ ਤਾਂ ਉਸ ਨੇ ਦਰਵਾਜ਼ੇ ਕੋਲ ਉਸ ਨੂੰ ਘੇਰ ਲਿਆ ਅਤੇ ਲਗਾਤਾਰ ਹਮਲੇ ਕਰਦਾ ਰਿਹਾ। ਪੁਲਿਸ ਅਨੁਸਾਰ ਮੁਲਜ਼ਮ ਨੇ ਡਿੰਪਲ ’ਤੇ 30 ਤੋਂ 32 ਵਾਰ ਚਾਕੂ ਨਾਲ ਵਾਰ ਕੀਤੇ।

ਜਦੋਂ ਦਫ਼ਤਰ ਦੇ ਹੋਰ ਕਰਮਚਾਰੀਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਨ੍ਹਾਂ ਨੂੰ ਵੀ ਚਾਕੂ ਦਿਖਾ ਕੇ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ। ਕਤਲ ਤੋਂ ਬਾਅਦ ਮੁਲਜ਼ਮ ਨੇ ਆਪਣੇ ਗਲੇ ’ਤੇ ਕਰੀਬ 15 ਵਾਰ ਚਾਕੂ ਮਾਰ ਕੇ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ।

ਗੰਭੀਰ ਹਾਲਤ ਵਿੱਚ ਦੋਵਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਡਿੰਪਲ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਮੁਲਜ਼ਮ ਦਾ ਇਲਾਜ ਕੀਤਾ ਗਿਆ। ਦੋ ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਪੁਲਿਸ ਮਾਮਲੇ ਦੇ ਹੋਰ ਪਹਿਲੂਆਂ ਦੀ ਜਾਂਚ ਕਰ ਰਹੀ ਹੈ।