ਜਲੰਧਰ (ਵਿੱਕੀ ਸੂਰੀ)- ਮਹਾਨਗਰ ਜਲੰਧਰ ’ਚ ਨਾਬਾਲਗਾਂ ਦੇ ਨਾਲ ਔਰਤਾਂ ਨੂੰ ਵੀ ਕੁਝ ਹੈਵਾਨ ਦਰਿੰਦੇ ਰੋਜ਼ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। ਅਜਿਹਾ ਹੀ ਮਾਮਲਾ ਜਲੰਧਰ ਦੀ ਇਕ ਬਸਤੀ ਤੋਂ ਸਾਹਮਣੇ ਆਇਆ ਹੈ, ਜਿੱਥੇ ਗੈਸ ਸਿਲੰਡਰ ਡਿਲਿਵਰ ਕਰਨ ਵਾਲੇ ਵੱਲੋਂ ਕੁੜੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਬਸਤੀ ਗੁਜ਼ਾਂ ਦੇ ਇਕ ਇਲਾਕੇ ’ਚ ਗੈਸ ਸਿਲੰਡਰ ਦੀ ਡਿਲਿਵਰੀ ਕਰਨ ਵਾਲੇ ਵਿਅਕਤੀ ਨੇ ਇਕ 30 ਸਾਲਾ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਪੀੜਤਾ ਆਪਣੀ ਮਾਂ ਨਾਲ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚੀ। ਹਸਪਤਾਲ ’ਚ ਬਣੇ ਸਖੀ ਵਨ ਸਟਾਪ ਸੈਂਟਰ ਮਦਦ ਲਈ ਪਹੁੰਚੀ, ਜਿੱਥੇ ਕਾਊਂਸਲਿੰਗ ਕਰਨ ਵਾਲੀ ਔਰਤ ਨੇ ਪੀੜਤਾ ਦਾ ਐੱਮ. ਐੱਲ. ਆਰ. ਕਟਵਾਉਣ ਦੇ ਨਾਲ-ਨਾਲ ਥਾਣਾ ਬਸਤੀ ਬਾਵਾ ਖੇਲ ਨੂੰ ਸੂਚਨਾ ਦਿੱਤੀ, ਤਾਂ ਜੋ ਪੀੜਤਾ ਨੂੰ ਇਨਸਾਫ਼ ਮਿਲ ਸਕੇ। ਪੀੜਤਾ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਮਾਂ ਕੰਮ ਕਰਦੀ ਹੈ।

    ਦੁਪਹਿਰ ਸਮੇਂ ਉਹ ਘਰ ਵਿਚ ਇਕੱਲੀ ਸੀ ਅਤੇ ਗੈਸ ਸਿਲੰਡਰ ਦੀ ਡਿਲਿਵਰੀ ਕਰਨ ਵਾਲਾ ਨੌਜਵਾਨ ਉਸ ਦੇ ਘਰ ਆਇਆ। ਜਦੋਂ ਉਸ ਨੇ ਵੇਖਿਆ ਕਿ ਉਹ ਘਰ ਵਿਚ ਇਕੱਲੀ ਹੈ ਤਾਂ ਇਸ ਦਾ ਫਾਇਦਾ ਉਠਾਉਂਦੇ ਹੋਏ ਉਸ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।