ਲੁਧਿਆਣਾ ਦੇ ਜਗਰਾਉਂ ਸ਼ਹਿਰ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਸੁਣਾ ਕੇ ਡਾਕਟਰ ਬੱਚੇ ਦੀ ਲੱਤ ‘ਤੇ ਪਲਾਸਟਰ ਲਗਾ ਰਿਹਾ ਹੈ। ਵੀਡੀਓ ‘ਚ ਬੱਚਾ ਗੀਤ ‘ਤੇ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਜਦੋਂ ਡਾਕਟਰ ਨੇ ‘ਜੱਟ ਦੀ ਮਾਸ਼ੂਕ ਬੀਬਾ ਰਾਸ਼ੀਆ ਤੋ’ ਗੀਤ ਚਲਾਇਆ ਤਾਂ ਬੱਚੇ ਦੇ ਨਾਲ ਸਟਾਫ਼ ਵੀ ਨੱਚਣ ਲੱਗ ਪਿਆ।

    ਸੁਖਵੀਨ ਹਸਪਤਾਲ ਜਗਰਾਓਂ ਦੇ ਆਰਥੋਪੀਡਿਕ ਮਾਹਿਰ ਡਾਕਟਰ ਦਿਵਯਾਂਸ਼ੂ ਗੁਪਤਾ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਬੱਚੇ ਦਾ ਨਾਮ ਸੁਖਦਰਸ਼ਨ ਹੈ। ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ। ਉਸ ਦਾ ਪਿਤਾ ਗੁਰਪ੍ਰੇਮ ਸਿੰਘ ਅਪਾਹਜ ਹੈ। ਬੱਚੇ ਦੀ ਲੱਤ ਕਾਰ ਦੇ ਹੇਠਾਂ ਆ ਗਈ ਸੀ। ਦਾਦੀ ਬੱਚੇ ਨੂੰ ਸਿਵਲ ਹਸਪਤਾਲ ਜਗਰਾਉਂ ਲੈ ਕੇ ਗਈ, ਜਿੱਥੋਂ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿਤਾ।ਬੱਚੇ ਨੂੰ ਸਿਵਲ ਹਸਪਤਾਲ ਤੋਂ ਫਰੀਦਕੋਟ ਲਿਜਾਣ ਦੀ ਬਜਾਏ ਦਾਦੀ ਨੇ ਹੈਲਪਿੰਗ ਹੈੱਡ ਸੁਸਾਇਟੀ ਨਾਲ ਸੰਪਰਕ ਕੀਤਾ। ਜਿਸ ਨੇ ਉਸ ਦੀ ਮਦਦ ਕੀਤੀ। ਸੁਸਾਇਟੀ ਦੇ ਮੁਖੀ ਉਮੇਸ਼ ਛਾਬੜਾ ਨੇ ਇਹ ਮਾਮਲਾ ਸੁਖਵੀਨ ਹਸਪਤਾਲ ਜਗਰਾਉਂ ਨੂੰ ਸੌਂਪ ਦਿਤਾ।

    ਜਿੱਥੇ ਬੱਚੇ ਦੀ ਲੱਤ ਦਾ ਆਪਰੇਸ਼ਨ ਕੀਤਾ ਜਾਣਾ ਸੀ। ਆਪ੍ਰੇਸ਼ਨ ਤੋਂ ਪਹਿਲਾਂ ਬੱਚਾ ਡਰਿਆ ਹੋਇਆ ਸੀ। ਇਸ ਦੌਰਾਨ ਡਾਕਟਰ ਨੇ ਬੱਚੇ ਦੇ ਡਰ ਨੂੰ ਦੂਰ ਕਰਨ ਲਈ ਮੂਸੇਵਾਲਾ ਦਾ ਗੀਤ ਲਗਾਇਆ।ਡਾ. ਦਿਵਯਾਂਸ਼ੂ ਨੇ ਕਿਹਾ ਕਿ ਮਰੀਜ਼ ਦਾ ਇਲਾਜ ਉਸ ਦੀ ਸਟੇਜ ਦੇ ਹਿਸਾਬ ਨਾਲ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਡਾਕਟਰ ਦਿਵਯਾਂਸ਼ੂ ਇਲਾਜ ਦੌਰਾਨ ਕੁਝ ਨਵਾਂ ਕਰਦੇ ਰਹੇ ਹਨ, ਤਾਂ ਜੋ ਮਰੀਜ਼ ਨੂੰ ਆਪ੍ਰੇਸ਼ਨ ਦੌਰਾਨ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਬੱਚਾ ਹੁਣ ਤੰਦਰੁਸਤ ਹੈ। ਕੁਝ ਹੀ ਦਿਨਾਂ ਵਿਚ ਉਹ ਤੁਰਨਾ ਸ਼ੁਰੂ ਕਰ ਦੇਵੇਗਾ।