ਬਲਾਚੌਰਤ (ਜਤਿੰਦਰ ਪਾਲ ਸਿੰਘ ਕਲੇਰ)- ਮਜਾਰੀ ਖੇਤਰ ਵਿਚ ਨਸ਼ੇੜੀਆਂ ਵਲੋਂ ਆਪਣਾ ਨਸ਼ਾ ਪੂਰਾ ਕਰਨ ਲਈ ਵੱਖ-ਵੱਖ ਪਿੰਡਾਂ ਅੰਦਰ ਰਾਤ ਦੇ ਸਮੇਂ ਮੋਟਰਾਂ ਦੀਆਂ ਤਾਰਾਂ ਖੋਲ੍ਹਣ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਨਸ਼ੇੜੀਆਂ ਵਲੋਂ ਕਮਾਦ ਵਾਲੇ ਖੇਤਾਂ ਅੰਦਰ ਇਨ੍ਹਾਂ ਤਾਰਾਂ ਚੋਂ ਤਾਂਬਾ ਕੱਢ ਕੇ ਬਾਕੀ ਉੱਥੇ ਸੁੱਟ ਦਿੱਤੀਆਂ ਜਾਂਦੀਆਂ ਹਨ। ਕੁਝ ਹੀ ਦਿਨਾਂ ਵਿਚ ਦਰਜਨ ਦੇ ਕਰੀਬ ਮੋਟਰਾਂ ਦੀਆਂ ਤਾਰਾਂ ਖੋਲੀਆਂ ਜਾ ਚੁੱਕੀਆਂ ਹਨ। ਇਸ ਦੋਰਾਨ ਬੀਤੀ ਰਾਤ ਚੋਰਾਂ ਵਲੋਂ ਪਿੰਡ ਗੁੱਲਪੁਰ ਵਿਖੇ ਗੁਰਦੀਪ ਕੌਰ ਪਤਨੀ ਸਵ. ਨਿਰਮਲ ਸਿੰਘ ਦੀ ਮੋਟਰ ਦੀਆਂ ਤਾਰਾਂ ਖੋਲ੍ਹ ਲਈਆਂ ਗਈਆਂ। ਇਸ ਬਾਰੇ ਤਰਸੇਮ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਜ਼ਮੀਨ ਠੇਕੇ ‘ਤੇ ਲਈ ਹੋਈ ਹੈ। ਸਵੇਰੇ ਜਦੋਂ ਉਹ ਮੋਟਰ ਚਲਾਉਣ ਗਿਆ ਤਾਂ ਚੋਰਾਂ ਨੇ ਦਰਵਾਜ਼ੇ ਦਾ ਜਿੰਦਰਾ ਤੋੜ ਕੇ ਅੰਦਰੋਂ ਤਾਰ ਚੋਰੀ ਕੀਤੀ ਹੋਈ ਸੀ। ਇਕ ਹੋਰ ਨਾਲ ਦੀ ਮੋਟਰ ਦੀ ਤਾਰ ਵੀ ਕੱਟਣ ਲਈ ਨੰਗੀ ਕੀਤੀ ਹੋਈ ਸੀ ਅਤੇ ਅਚਾਨਕ ਕਿਸੇ ਦੇ ਆ ਜਾਣ ਕਾਰਨ ਚੋਰ ਉਸ ਨੂੰ ਛੱਡ ਕੇ ਭੱਜ ਗਏ। ਪਿੰਡ ਗੁੱਲਪੁਰ ਦੇ ਕਿਸਾਨਾਂ ਨੂੰ ਆਲ਼ੇ ਦੁਆਲੇ ਖੇਤਾਂ ਦੀ ਤਲਾਸ਼ੀ ਲੈਣ ਤੇ ਖ਼ਾਲੀ ਤਾਰਾਂ ਸੁੱਟੀਆਂ ਮਿਲੀਆਂ।