ਜਲੰਧਰ,(ਵਿੱਕੀ ਸੁਰੀ)- ਸ਼ਹਿਰ ਦੇ ਸੰਤ ਵਿਹਾਰ ਵਿੱਚ ਅੱਜ ਇੱਕ ਬਜ਼ੁਰਗ ਬੀਬੀ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦਾ ਪਤਾ ਉਸ ਸਮੇਂ ਲੱਗਾ ਜਦੋਂ ਦੁੱਧ ਲੈਣ ਲਈ ਬੀਬੀ ਘਰ ਤੋਂ ਬਾਹਰ ਨਹੀਂ ਨਿਕਲੀ।
ਜਾਣਕਾਰੀ ਮੁਤਾਬਕ ਬਲਬੀਰ ਕੌਰ (60) ਜੋ ਕਿ ਸੰਤ ਵਿਹਾਰ ’ਚ ਰਹਿੰਦੀ ਸੀ। ਉਸ ਦੇ ਪਤੀ ਦੀ 7 ਸਾਲ ਪਹਿਲਾਂ ਹੀ ਮੌਤ ਹੋ ਚੁਕੀ ਸੀ, ਜਿਸ ਤੋਂ ਬਾਅਦ ਉਹ ਇਥੇ ਇੱਕਲੀ ਰਹਿੰਦੀ ਸੀ। ਅੱਜ ਜਦੋਂ ਦੁੱਧ ਵਾਲੇ ਨੇ ਸਵੇਰੇ ਉਸ ਦੇ ਘਰ ਦੀ ਘੰਟੀ ਵਜਾਈ ਤਾਂ ਬਲਬੀਰ ਕੌਰ ਬਾਹਰ ਨਹੀਂ ਆਈ, ਜਿਸ ਤੋਂ ਬਾਅਦ ਸਥਾਨਕ ਲੋਕ ਇਕੱਠੇ ਹੋਏ ਅਤੇ ਉਨਾਂ ਜਦ ਦਰਵਾਜਾ ਖੋਲਿਆ ਤਾਂ ਬੀਬੀ ਦੀ ਲਾਸ਼ ਦੇਖ ਉਨ੍ਹਾਂ ਦੇ ਹੋਸ਼ ਉੱਡ ਗਏ। ਇਸ ਬਾਰੇ ਪੁਲਸ ਨੂੰ ਸੁਚਿਤ ਕੀਤਾ ਗਿਆ, ਜਦ ਪੁਲਸ ਨੇ ਆ ਕੇ ਦੇਖਿਆ ਤਾਂ ਉਸ ਦੇ ਹੱਥ ਬੰਨ੍ਹੇ ਹੋਏ ਸਨ।

    ਇਸ ਬਾਰੇ ਡੀ ਸੀ ਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਘਟਨਾ ਦੇ ਹਾਲਾਤਾਂ ਅਨੁਸਾਰ ਇਹ ਸਿੱਧਾ ਕਤਲ ਹੈ। ਉਨ੍ਹਾਂ ਵਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨੇੜਲੇ ਲੋਕਾਂ ਤੋਂ ਇਹ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਬਲਬੀਰ ਦੇ ਘਰ ਕੌਣ ਆਇਆ ਕਰਦਾ ਸੀ ਅਤੇ ਜਲਦੀ ਹੀ ਪੂਰੇ ਮਾਮਲੇ ਦਾ ਪਤਾ ਲਗਾਇਆ ਜਾਵੇਗਾ।