
Skip to content

ਐਮਰਜੈਂਸੀ ਵਾਰਡ ‘ਚ ਮਰੀਜ਼ ‘ਤੇ ਡਿੱਗਿਆ ਛੱਤ ਵਾਲਾ ਪੱਖਾ, ਤਿੰਨ ਘੰਟਿਆਂ ਬਾਅਦ ਮੌਤ; ਪਰਿਵਾਰ ਨੇ ਹਸਪਤਾਲ ‘ਤੇ ਲਾਪਰਵਾਹੀ ਦੇ ਲਗਾਏ ਦੋਸ਼
ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ) :- ਦਿੱਲੀ ਦੇ ਗੁਰੂ ਤੇਗ ਬਹਾਦਰ (ਜੀ.ਟੀ.ਬੀ.) ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇਲਾਜ ਅਧੀਨ 42 ਸਾਲਾ ਮਰੀਜ਼ ਮੁਹੰਮਦ ਅਕਬਰ ਉੱਤੇ ਅਚਾਨਕ ਛੱਤ ਦਾ ਪੱਖਾ ਡਿੱਗ ਪਿਆ। ਇਸ ਘਟਨਾ ਤੋਂ ਕਰੀਬ ਤਿੰਨ ਘੰਟਿਆਂ ਬਾਅਦ ਮਰੀਜ਼ ਦੀ ਮੌਤ ਹੋ ਗਈ, ਜਿਸ ਮਗਰੋਂ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ‘ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਏ ਹਨ।
ਘਟਨਾ ਦੇ ਚਸ਼ਮਦੀਦ ਗਵਾਹ ਅਤੇ ਐਡਵੋਕੇਟ ਮੁਹੰਮਦ ਅਸਲਮ ਕੁਰੈਸ਼ੀ ਨੇ ਦੱਸਿਆ ਕਿ ਉਹ ਆਪਣੇ ਭਰਾ ਨੂੰ ਮਿਲਣ ਲਈ ਐਮਰਜੈਂਸੀ ਵਾਰਡ ਵਿੱਚ ਗਏ ਹੋਏ ਸਨ, ਜਦੋਂ ਉਨ੍ਹਾਂ ਨੇ ਇੱਕ ਮਰੀਜ਼ ਉੱਤੇ ਛੱਤ ਵਾਲਾ ਪੱਖਾ ਡਿੱਗਦੇ ਦੇਖਿਆ। ਉਨ੍ਹਾਂ ਦਾ ਦੋਸ਼ ਹੈ ਕਿ ਹਾਦਸੇ ਤੋਂ ਬਾਅਦ ਡਾਕਟਰ ਮਰੀਜ਼ ਕੋਲ ਦੇਰੀ ਨਾਲ ਪਹੁੰਚੇ ਅਤੇ ਹਸਪਤਾਲ ਪ੍ਰਸ਼ਾਸਨ ਨੇ ਲਾਪਰਵਾਹੀ ਦਿਖਾਈ।
ਉੱਥੇ ਹੀ ਹਸਪਤਾਲ ਦੇ ਸੂਤਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਮੁਹੰਮਦ ਅਕਬਰ ਪਹਿਲਾਂ ਤੋਂ ਹੀ ਹਾਈਪਰਟੈਨਸ਼ਨ, ਨਿਮੋਨੀਆ ਸਮੇਤ ਕਈ ਗੰਭੀਰ ਬਿਮਾਰੀਆਂ ਨਾਲ ਪੀੜਤ ਸੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮੌਤ ਦਾ ਸਿੱਧਾ ਕਾਰਨ ਪੱਖਾ ਡਿੱਗਣਾ ਸੀ ਜਾਂ ਪਹਿਲਾਂ ਤੋਂ ਮੌਜੂਦ ਸਿਹਤ ਸੰਬੰਧੀ ਸਮੱਸਿਆਵਾਂ।
ਫਿਲਹਾਲ ਇਸ ਘਟਨਾ ਤੋਂ ਬਾਅਦ ਹਸਪਤਾਲ ਦੀ ਸੁਰੱਖਿਆ ਵਿਵਸਥਾ ਅਤੇ ਰੱਖ-ਰਖਾਵ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਪਰਿਵਾਰ ਨੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

Related