ਨਵਾਂ ਸ਼ਹਿਰ,(ਜਤਿੰਦਰ ਪਾਲ ਸਿੰਘ ਕਲੇਰ ): ਸਿੱਖਿਆ ਵਿਭਾਗ ਵਲੋਂ ਹਰੇਕ ਖੇਤਰ ਵਿੱਚ ਆਪਣੀ ਡਿਊਟੀ ਵਧੀਆਂ ਢੰਗ ਨਾਲ ਨਿਭਾਉਣ ਵਾਲੇ ਬਲਾਕ ਨਵਾਂ ਸ਼ਹਿਰ ਦੇ 30 ਅਧਿਆਪਕਾਂ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇੱਕ ਸਾਦੇ ਸਮਾਗਮ ਦੌਰਾਨ ਰੋਸ਼ਨ ਲਾਲ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ,ਨਵਾਂ ਸ਼ਹਿਰ ਨੇ ਕਿਹਾ ਕਿ ਅਧਿਆਪਕ ਕੌਮ ਦੇ ਨਿਰਮਾਤਾ ਹੁੰਦੇ ਹਨ। ਇੱਕ ਵਧੀਆਂ ਅਤੇ ਨਰੋਏ ਸਮਾਜ ਦੀ ਨੀਂਹ ਇੱਕ ਵਧੀਆਂ ਅਧਿਆਪਕ ਵਲੋਂ ਹੀ ਰੱਖੀ ਜਾਂਦੀ ਹੈ,ਕਿਉਂਕਿ ਅਧਿਆਪਕ ਨੇ ਹੀ ਸਮਾਜ ਨੂੰ ਚੰਗੀ ਸੇਧ ਦੇਣੀ ਹੁੰਦੀ ਹੈ। ਇਸ ਲਈ ਅਧਿਆਪਕ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ ਅਤੇ ਸਮਾਜ ਪ੍ਰਤੀ ਆਪਣੇ ਫ਼ਰਜ਼ ਨੂੰ ਇਮਾਨਦਾਰੀ ਨਾਲ ਪੂਰਾ ਕਰਨਾ ਚਾਹੀਦਾ ਹੈ।ਇਸ ਮੌਕੇ ਸ਼੍ਰੀ ਗੁਰਦਿਆਲ ਮਾਨ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਨੇ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਦੀਆਂ ਪ੍ਰਤਿਭਾਵਾਂ ਨੂੰ ਪਛਾਣਕੇ ਉਨ੍ਹਾਂ ਨੂੰ ਅੱਗੇ ਵਧਾਉਣ ਵਿੱਚ ਮਾਰਗ ਦਾਰਸ਼ਿਕ ਦਾ ਕੰਮ ਕਰਨ। ਉਨ੍ਹਾਂ ਕਿਹਾ ਕਿ ਬੱਚੇ ਦਾ ਮਨ ਕੋਰੀ ਸਲੇਟ ਦੀ ਤਰ੍ਹਾਂ ਹੁੰਦਾ ਹੈ,ਅਧਿਆਪਕ ਨੇ ਜੋ ਉਸ ਉੱਤੇ ਉੱਕਰ ਦੇਣਾ ਹੁੰਦਾ,ਸਾਰੀ ਉਮਰ ਉਸਦਾ ਪ੍ਰਭਾਵ ਬੱਚੇ ਦੀ ਜਿੰਦਗੀ ਉੱਤੇ ਰਹਿੰਦਾ ਹੈ। ਇਸ ਲਈ ਅਧਿਆਪਕ ਨੂੰ ਰੋਲ ਮਾਡਲ ਦਾ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਸ਼੍ਰੀਮਤੀ ਸੁਰਿੰਦਰ ਕੌਰ ਸੈਂਟਰ ਹੈੱਡ ਟੀਚਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਅਧਿਆਪਕਾਂ ਵਲੋਂ ਕੀਤੇ ਕੰਮ ਦੀ ਸਮੇਂ-ਸਮੇਂ ਤੇ ਕੀਤੀ ਪ੍ਰਸ਼ੰਸ਼ਾ ਉਨ੍ਹਾਂ ਅਤੇ ਬਾਕੀ ਅਧਿਆਪਕਾਂ ਨੂੰ ਅੱਗੇ ਵੱਧਣ ਲਈ ਪ੍ਰੇਰਨਾ ਦਾ ਸਰੋਤ ਬਣ ਜਾਂਦੀ ਹੈ। ਇਸ ਲਈ ਸਾਨੂੰ ਅਧਿਆਪਕਾਂ ਦੀ ਹੌਸਲਾ ਅਫ਼ਜਾਈ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋ ਇਲਾਵਾ ਰਮਨ ਕੁਮਾਰ,ਬਲਕਾਰ ਚੰਦ,ਹੰਸ ਰਾਜ,ਜਸਵਿੰਦਰ ਕੌਰ ਸਾਰੇ ਸੈਂਟਰ ਹੈੱਡ ਟੀਚਰਜ਼,ਜੁਗਿੰਦਰ ਪਾਲ ਬਲਾਕ ਖੇਡ ਅਫ਼ਸਰ,ਰਾਮ ਲਾਲ,ਬਲਜਿੰੰਦਰ ਸਿੰਘ,ਅਸ਼ਵਨੀ ਕੁਮਾਰ,ਬਲਵੀਰ ਨੌਰਾ,ਜਸਵੰਤ ਸਿੰਘ ਸੋਨਾ,ਵਰਿੰਦਰ ਕੁਮਾਰ,ਸਤਪਾਲ,ਮਨਜੀਤ ਕੌਰ,ਹਰਜਿੰਦਰ ਕੌਰ,ਮੋਨਿਕਾ ਗੁਲਾਟੀ,ਬਲਵਿੰਦਰ ਕੌਰ,ਅਮਰੀਕ ਕੌਰ,ਕਿਰਨ ਬਾਲਾ,ਪਿੰਕੀ ਦੇਵੀ ਅਤੇ ਨਰਿੰਦਰ ਕੌਰ ਆਦਿ ਵੀ ਹਾਜ਼ਰ ਸਨ।