ਪੰਜਾਬ-ਚੰਡੀਗੜ੍ਹ ‘ਚ ਸੀਤ ਲਹਿਰ ਨੂੰ ਲੈ ਕੇ ਮੌਸਮ ਵਿਭਾਗ ਨੇ ਨਵਾਂ ਅਲਰਟ ਜਾਰੀ ਕੀਤਾ ਹੈ। ਵੱਖ-ਵੱਖ ਜ਼ਿਲ੍ਹਿਆਂ ਵਿਚ 19 ਦਸੰਬਰ ਤੱਕ ਅਲਰਟ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਪਾਕਿਸਤਾਨ ਨਾਲ ਲੱਗਦੇ ਜੰਮੂ-ਕਸ਼ਮੀਰ ਦੇ ਨੇੜੇ ਦਬਾਅ ਖੇਤਰ ਦਾ ਬਣਨਾ ਅਤੇ ਨਵੇਂ ਪੱਛਮੀ ਗੜਬੜੀ ਦਾ ਸਰਗਰਮ ਹੋਣਾ ਹੈ। ਇਸ ਦੇ ਨਾਲ ਹੀ ਪੰਜਾਬ ਦਾ ਆਦਮਪੁਰ ਇਕ ਵਾਰ ਫਿਰ ਮੈਦਾਨੀ ਇਲਾਕਿਆਂ ਦਾ ਸਭ ਤੋਂ ਠੰਢਾ ਸ਼ਹਿਰ ਰਿਹਾ।
ਇੱਥੇ ਘੱਟੋ-ਘੱਟ ਤਾਪਮਾਨ 1.3 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅੱਜ ਚੰਡੀਗੜ੍ਹ ਸਮੇਤ ਪੰਜਾਬ ਦੇ 18 ਜ਼ਿਲ੍ਹਿਆਂ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਪੰਜਾਬ ‘ਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮਾਨਸਾ, ਸੰਗਰੂਰ, ਫ਼ਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸਏਐਸ ਨਗਰ ‘ਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ 15 ਜ਼ਿਲ੍ਹੇ ਅਜਿਹੇ ਹਨ ਜਿਥੇ ਤਾਪਮਾਨ 5 ਡਿਗਰੀ ਤੋਂ ਹੇਠਾਂ ਪਹੁੰਚ ਗਿਆ ਹੈ।
ਪੰਜਾਬ ਦਾ ਘੱਟੋ-ਘੱਟ ਤਾਪਮਾਨ 4.9 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਆਦਮਪੁਰ ਦੇਸ਼ ਦੇ ਮੈਦਾਨੀ ਇਲਾਕਿਆਂ ਵਿਚ ਸਭ ਤੋਂ ਠੰਢਾ ਸ਼ਹਿਰ ਸੀ। ਜਿੱਥੇ ਤਾਪਮਾਨ 1.3 ਡਿਗਰੀ ਦਰਜ ਕੀਤਾ ਗਿਆ। ਫ਼ਰੀਦਕੋਟ ਦਾ ਤਾਪਮਾਨ ਵੀ ਇਸ ਦੇ ਨੇੜੇ ਹੀ ਦਰਜ ਕੀਤਾ ਗਿਆ। ਗੁਰਦਾਸਪੁਰ ‘ਚ 2 ਡਿਗਰੀ, ਫਾਜ਼ਿਲਕਾ ‘ਚ 2.6, ਰੋਪੜ ‘ਚ 2.1, ਗੁਰਦਾਸਪੁਰ ‘ਚ 3.5 ਅਤੇ ਅੰਮ੍ਰਿਤਸਰ ‘ਚ 3.9 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਸਰਗਰਮ ਪੱਛਮੀ ਗੜਬੜ ਅਤੇ ਦਬਾਅ ਵਾਲੇ ਖੇਤਰ ਦਾ ਪ੍ਰਭਾਵ ਪੰਜਾਬ-ਚੰਡੀਗੜ੍ਹ ਵਿਚ ਘੱਟ ਦਿਖਾਈ ਦੇਵੇਗਾ। ਇਥੇ ਅਜੇ ਵੀ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਮੌਸਮ ਕੇਂਦਰ ਨੇ 19 ਦਸੰਬਰ ਤਕ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ।