ਪਰਬੋਧ ਸ਼ਰਮਾ, ਵਿਪਨ ਮਿੱਤਲ

    ਫਰੀਦਕੋਟ 12 ਅਗਸਤ
    ਹੁਣੇ ਹੁਣੇ ਖਬਰ ਆਈ ਹੈ ਕਿ ਫਰੀਦਕੋਟ ਸ਼ਹਿਰ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਮੈਡੀਕਲ ਕਾਲਜ ਦੇ ਬੰਦ ਪਏ ਗੇਟ ਨੂੰ ਖੁਲਵਾਉਣ ਲਈ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨਾਲ ਰਾਬਤਾ ਕੀਤਾ ਗਿਆ ਹੈ, ਜਿਸ ਤੇ ਵਿਧਾਇਕ ਢਿੱਲੋਂ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨਾਲ ਗੱਲਬਾਤ ਕਰਕੇ ਇਹ ਮਸਲਾ ਹੱਲ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਤਾਂ ਕਿ ਸ਼ਹਿਰ ਵਾਸੀਆਂ ਦੀ ਇਸ ਮੁਸ਼ਕਿਲ ਨੂੰ ਹੱਲ ਕੀਤਾ ਜਾ ਸਕੇ।

    ਵਾਇਸ ਚਾਂਸਲਰ ਨੇ ਦੱਸਿਆ ਕਿ ਕੋਰੋਨਾ ਮਹਾਂਮਰੀ ਦੇ ਚੱਲਦਿਆਂ ਇਸ ਗੇਟ ਨੂੰ ਬੰਦ ਕੀਤਾ ਗਿਆ ਹੈ, ਪਰ ਸ਼ਹਿਰ ਵਾਸੀਆਂ ਨੂੰ ਆ ਰਹੀ ਇਸ ਮੁਸ਼ਕਲ ਦਾ ਹੱਲ ਇੱਕ ਦੋ ਦਿਨਾਂ ਵਿੱਚ ਹੀ ਕਰ ਦਿੱਤਾ ਜਾਵੇਗਾ। ਵਿਧਾਇਕ ਕਿੱਕੀ ਢਿੱਲੋਂ ਵੱਲੋਂ ਇਸ ਮਸਲੇ ਦਾ ਹੱਲ ਕਰਵਾਉਣ ਦਾ ਵਿਸ਼ਵਾਸ ਦਿਵਾਉਣ ਉਪਰੰਤ ਸ਼ਹਿਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਵਿਧਾਇਕ ਕਿੱਕੀ ਢਿਲੋਂ ਨੇ ਦੱਸਿਆ ਕਿ ਇਸ ਸੜਕ ਨੂੰ ਵੀ ਸਰਕੂਲਰ ਰੋਡ ਤੋਂ ਲੈ ਕੇ ਰਾਮਬਾਗ ਅੱਗੇ ਤੱਕ ਚੌੜਾ ਕਰਨ ਦੇ ਟੈਂਡਰ ਲਗਾਏ ਗਏ ਹਨ।ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਗੇਟ ਨੂੰ ਖੁਲਾਉਣ ਲਈ ਆਮ ਆਦਮੀ ਪਾਰਟੀ ਸਮੇਤ ਕਈ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਕਈ ਦਿਨ ਧਰਨਾ ਦਿੱਤਾ ਸੀ ਅਤੇ ਅਖੀਰ ਨੂੰ ਇਸ ਗੇਟ ਦਾ ਤਾਲਾ ਤੋੜ ਕੇ ਖੋਲ ਦਿਤਾ ਜਿਸ ਉਪਰ ਪੁਲਿਸ ਨੇ ਅਣਪਛਾਤੇ ਵਿਆਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਸੀ ਤੇ ਤਾਲਾ ਫਿਰ ਦੁਬਾਰਾ ਲਗਾ ਦਿੱਤਾ ਸੀ। ਇਸ ਗੇਟ ਦੇ ਬੰਦ ਹੋਣ ਨਾਲ ਸ਼ਹਿਰ ਨਿਵਾਸੀਆਂ ਸਮੇਤ ਮਰੀਜਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਹਸਪਤਾਲ ਨੂੰ ਜਾਂਦੀ ਸਾਦਿਕ ਰੋਡ ਵਾਲੀ ਮੁੱਖ ਸੜਕ ਬਹੁਤ ਖਰਾਬ ਹੈ ਅਤੇ ਉਸਨੂੰ ਸੀਵਰੇਜ ਪਾਉਣ ਕਰਕੇ ਇੱਕ ਸਾਲ ਤੋਂ ਪੁੱਟਿਆਂ ਹੋਇਆ ਹੈ।ਹੁਣ ਵਿਧਾਇਕ ਢਿਲੋਂ ਵੱਲੋਂ ਉਪ ਕੁਲਪਤੀ ਨਾਲ ਗੱਲ ਕਰਕੇ ਇਸ ਨੂੰ ਖੁਲਵਾਉਣ ਦੇ ਦਿੱਤੇ ਭਰੋਸੇ ਤੋਂ ਬਾਅਦ ਲੋਕਾਂ ਨੂੰ ਇਸ ਦੇ ਇੱਕ ਦੋ ਦਿਨਾਂ ਵਿੱਚ ਖੁੱਲਣ ਦੀ ਆਸ ਜਾਗੀ ਹੈ।