ਫਰੀਦਕੋਟ :-(ਵਿਪਨ ਮਿੱਤਲ, ਪਰਬੋਧ)-ਪੰਜਾਬ ਸਰਕਾਰ ਵੱਲੋਂ ਰਾਜ ਦੇ ਵਸਨੀਕਾਂ ਦੀ ਸਹੂਲਤ, ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਉਨ੍ਹਾਂ ਨੂੰ ਮੰਨੋਰੰਜਨ ਅਤੇ ਸਿਹਤ ਸੰਭਾਲ ਸਬੰਧੀ ਸਹੂਲਤਾਂ ਪ੍ਰਦਾਨ ਕਰਨ ਲਈ ਵੱਡੀ ਪੱਧਰ ‘ਤੇ ਕਾਰਜ ਕਰਵਾਏ ਜਾ ਰਹੇ ਹਨ, ਜਿਸ ਤਹਿਤ ਫਰੀਦਕੋਟ ਦੀ ਬਾਜ਼ੀਗਰ ਬਸਤੀ ‘ਚ 26.50 ਲੱਖ ਰੁਪਏ ਦੀ ਲਾਗਤ ਨਾਲ ਬਹੁਤ ਵਧੀਆ ਅਤਿ ਆਧੁਨਿਕ ਪਾਰਕ ਬਣਾਇਆ ਜਾ ਰਿਹਾ ਹੈ। ਇਹ ਜਾਣਕਾਰੀ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਦਿੱਤੀ।ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫਰੀਦਕੋਟ ਹਲਕੇ ਵਿੱਚ ਜੰਗੀ ਪੱਧਰ ‘ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਨਗਰ ਕੌਂਸਲ ਫਰੀਦਕੋਟ ਅਧੀਨ ਆਉਂਦੇ ਇਲਾਕਿਆਂ ਵਿੱਚ ਵਿਕਾਸ ਕਾਰਜਾਂ ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਨਵੇਂ ਪਾਰਕ ਬਣਾਉਣ, ਪੁਰਾਣਿਆਂ ਦੀ ਦਿੱਖ ਸਵਾਰਨ,ਉਨ੍ਹਾਂ ਵਿੱਚ ਝੂਲੇ ਲਗਾਉਣ, ਜਿੰਮ ਸਥਾਪਤ ਕਰਨ ਆਦਿ ਵਰਗੇ ਕਾਰਜ ਜੰਗੀ ਪੱਧਰ ਤੇ ਜਾਰੀ ਹਨ।ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਬਾਜੀਗਰ ਬਸਤੀ ਵਿੱਚ ਬਣੇ ਪਾਰਕ ਤੇ 15 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ ਜਿਸ ਵਿੱਚ ਵਿਸਥਾਰ ਅਤੇ ਸਜਾਵਟ ਲਈ 4 ਲੱਖ ਰੁਪਏ ਦੇ ਵਧੀਆ ਬੂਟੇ ਲਗਾਏ ਜਾਣਗੇ ਅਤੇ ਇਸ ਤੋਂ ਇਲਾਵਾ 7 ਲੱਖ 50 ਹਜ਼ਾਰ ਦੀ ਲਾਗਤ ਨਾਲ ਫੁੱਟਪਾਥ ਅਤੇ ਇੰਟਰਲਾਕਿੰਗ ਦਾ ਕੰਮ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪਾਰਕ ਦੇ ਮੁਕੰਮਲ ਹੋਣ ਨਾਲ ਬਸਤੀ ਦੇ ਲੋਕਾਂ ਨੂੰ ਸੈਰ ਕਰਨ ਦੀ ਵਧੀਆ ਸਹੂਲਤ ਮਿਲੇਗੀ ਅਤੇ ਇਸ ਤੋਂ ਇਲਾਵਾ ਬੱਚਿਆਂ ਲਈ ਪਾਰਕ ਵਿੱਚ ਝੂਲੇ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਵਿਕਾਸ ਲਈ ਹਮੇਸ਼ਾ ਕਾਰਜਸ਼ੀਲ ਹਨ ਅਤੇ ਆਉਣ ਵਾਲੇ ਸਮੇਂ ‘ਚ ਫਰੀਦਕੋਟ ਸ਼ਹਿਰ ‘ਚ ਪੂਰੇ ਫਰੀਦਕੋਟ ਹਲਕੇ ਦੀ ਦਿੱਖ ਬਦਲ ਦਿੱਤੀ ਜਾਵੇਗੀ।