ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਕਿਸਾਨੀ ਸੰਘਰਸ਼ ਪ੍ਰਤੀ ਕੇਂਦਰ ਸਰਕਾਰ ਦੇ ਨਾਂਹ ਪੱਖੀ ਰਵਈਏ ਅਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਲਾਲ ਇਕਜੁਟਤਾ ਪ੍ਰਗਟ ਕਰਨ ਲਈ 30 ਦਸੰਬਰ ਨੂੰ ਦਿਤੇ ਗਏ ਪੰਜਾਬ ਬੰਦ ਦੇ ਸੱਦੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਬੰਦ ਨੂੰ ਹਰ ਵਰਗ ਵਲੋਂ ਵਿਆਪਕ ਸਮਰਥਨ ਹਾਸਲ ਹੋ ਰਿਹਾ ਹੈ।

    ਮੋਰਚੇ ਦੇ ਆਗੂਆਂ ਵਲੋਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤਕ ਮੁਕੰਮਲ ਬੰਦ ਦਾ ਸੱਦਾ ਦਿਤਾ ਗਿਆ ਹੈ। ਇਸ ਲਈ ਕਿਸਾਨ ਆਗੂਆਂ ਦੀਆਂ ਟੀਮਾਂ ਵਲੋਂ ਵੱਖ ਵੱਖ ਸ਼ਹਿਰਾਂ ਅਤੇ ਬੱਸ ਅੱਡਿਆਂ ਆਦਿ ਉਪਰ ਲਗਾਤਾਰ ਪ੍ਰਚਾਰ ਮੁਹਿੰਮ ਵੀ ਚਲਾਈ ਗਈ। ਇਸ ਬੰਦ ਨੂੰ ਵਪਾਰ ਮੰਡਲ ਪੰਜਾਬ ਵਲੋਂ ਵੀ ਸਮਰਥਨ ਦਿਤਾ ਗਿਆ ਹੈ। ਕਿਸਾਨ
    ਮੋਰਚੇ ਦੇ ਪ੍ਰਮੁੱਖ ਆਗੂ ਸਰਵਣ ਸਿੰਘ ਪੰਧੇਰ ਨੇ ਦਸਿਆ ਕਿ ਇਹ ਬੰਦ ਕੇਂਦਰ ਸਰਕਾਰ ਨੂੰ ਕਿਸਾਨੀ ਸੰਘਰਸ਼ ਬਾਰੇ ਸੋਚਣ ਲਈ ਮਜਬੂਰ ਕਰ ਦੇਵੇਗਾ ਕਿਉਂਕਿ ਇਸ ਨੂੰ ਹਰ ਪਾਸਿਉਂ ਹਿਮਾਇਤ ਮਿਲ ਰਹੀ ਹੈ। ਉਨ੍ਹਾਂ ਦਸਿਆ ਕਿ ਜਿਥੇ ਬਾਜ਼ਾਰ ਅਤੇ ਕਾਰੋਬਾਰੀ ਅਦਾਰੇ ਮੁਕੰਮਲ ਤੌਰ ’ਤੇ ਬੰਦ ਰੱਖੇ ਜਾਣਗੇ ਉਥੇ ਰੇਲ ਅਤੇ ਸੜਕੀ ਆਵਾਜਾਈ ਵੀ ਠੱਪ ਰਹੇਗੀ। ਪੰਜਾਬ ਰੋਡਵੇਜ਼ ਅਤੇ ਪਨਬਸ ਦੀਆਂ ਯੂਨੀਅਨਾਂ ਨੇ ਖ਼ੁਦ ਹੀ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤਕ ਚੱਕਾ ਜਾਮ ਰੱਖਣ ਦਾ ਐਲਾਨ ਕੀਤਾ ਹੈ। ਰੇਲਾਂ ਨੂੰ ਕਿਸਾਨ ਪਟੜੀਆਂ ’ਤੇ ਧਰਨੇ ਦੇ ਕੇ ਜਾਮ ਕਰਨਗੇ। ਇਸ ਤੋਂ ਇਲਾਵਾ ਦੋਧੀ ਤੇ ਡੇਅਰੀ ਯੂਨੀਅਨ ਦੇ ਦੁੱਧ ਦੀ ਸਪਲਾਈ ਬੰਦ ਰੱਖਣ ਦਾ ਐਲਾਨ ਕੀਤਾ ਹੈ।

    ਮੁਲਾਜ਼ਮ ਜਥੇਬੰਦੀਆਂ ਵਲੋਂ ਵੀ ਬੰਦ ਦਾ ਸਮਰਥਨ ਕਰਦੇ ਹੋਏ ਇਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਕਿਸਾਨ ਮੋਰਚੇ ਨੇ ਪਟਰੌਲ ਪੰਪ ਅਤੇ ਗੈਸ ਏਜੰਸੀਆਂ ਬੰਦ ਰੱਖਣ ਦਾ ਵੀ ਸੱਦਾ ਦਿਤਾ ਹੈ। ਇਸ ਬੰਦ ਕਾਰਨ ਸਰਕਾਰੀ ਦਫ਼ਤਰਾਂ ਤੋਂ ਇਲਾਵਾ ਸਕੂਲਾਂ ਕਾਲਜਾਂ ਦੇ ਵੀ ਪ੍ਰਭਾਵਤ ਹੋਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਆਵਾਜਾਈ ਠੱਪ ਹੋਣ ਕਾਰਨ ਅਸਰ ਪਵੇਗਾ। ਭਾਵੇਂ ਇਸ ਬੰਦ ਦਾ ਸੱਦਾ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਦੋ ਫ਼ੋਰਮਾਂ ਨੇ ਦਿਤਾ ਹੈ ਪਰ ਇਸ ਨੂੰ ਸੰਯੁਕਤ ਕਿਸਾਨ ਮੋਰਚੇ ਦੀਆਂ ਕੁੱਝ ਜਥੇਬੰਦੀਆਂ ਨੇ ਵੀ ਸਮਰਥਨ ਦਿਤਾ ਹੈ। ਇਨ੍ਹਾਂ ਵਿਚ ਡਾ. ਦਰਸ਼ਨਪਾਲ ਦੀ ਅਗਵਾਈ ਵਾਲੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਬੀ.ਕੇ.ਯੂ. (ਡਕੌਂਦਾ) ਦੇ ਨਾਂ ਜ਼ਿਕਰਯੋਗ ਹਨ। ਇਸੇ ਦੌਰਾਨ ਐਸ.ਜੀ.ਪੀ.ਸੀ. ਵਲੋਂ ਵੀ ਬੰਦ ਦਾ ਸਮਰਥਨ ਕੀਤਾ ਗਿਆ ਹੈ। ਇਸ ਦਿਨ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇ ਅਦਾਰੇ ਵੀ ਬੰਦ ਰਹਿਣਗੇ। ਆਲ ਇੰਡੀਅ ਾ ਕਿਸਾਨ ਕਾਂਗਰਸ ਨੇ ਵੀ ਬੰਦ ਦੀ ਹਿਮਾਇਤ ਕੀਤੀ ਹੈ।
    ਡੱਬੀ
    ਇਨ੍ਹਾਂ ਨੂੰ ਰਹੇਗੀ ਬੰਦ ਤੋਂ ਛੋਟ

    ਐਮਰਜੈਂਸੀ ਤੇ ਮੈਡੀਕਲ ਸੇਵਾਵਾਂ
    ਵਿਆਹ ਪ੍ਰੋਗਰਾਮਾਂ ਵਿਚ ਜਾਣ ਵਾਲੇ ਲੋਕ
    ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀ
    ਏਅਰਪੋਰਟ ਦੀਆਂ ਜ਼ਰੂਰੀ ਸੇਵਾਵਾਂ