Skip to content
ਤਪਾ ਮੰਡੀ : ਮੰਡੀ-ਢਿੱਲਵਾਂ ਰੋਡ ਸਥਿਤ ਤਿੰਨ ਬੱਚਿਆਂ ਦੇ ਪਿਓ ਨੇ ਸਲਫਾਸ ਖਾ ਕੇ ਆਤਮਹੱਤਿਆ ਕਰ ਲਈ। ਖੁਦਕਸ਼ੀ ਦਾ ਮੁੱਖ ਕਾਰਨ ਮ੍ਰਿਤਕ ਦੇ ਇਕ ਗੁਆਂਢਣ ਨਾਲ ਨਾਜਾਇਜ਼ ਸਬੰਧਾਂ ਨੂੰ ਦੱਸਿਆ ਜਾਂਦਾ ਹੈ। ਮਿ੍ਰਤਕ ਦੀ ਮਾਂ ਸੰਤੋਸ਼ ਰਾਣੀ ਸਾਬਕਾ ਕੌਂਸਲਰ ਨੇ ਦੱਸਿਆ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਇਨਸਾਫ ਨਾ ਮਿਲਣ ’ਤੇ ਉਨ੍ਹਾਂ ਪੁਲਿਸ ਚੌਕੀ ਅੱਗੇ ਧਰਨਾ ਲਾ ਦਿੱਤਾ।
ਸੰਤੋਸ਼ ਰਾਣੀ ਨੇ ਦੱਸਿਆ ਕਿ ਉਸ ਦੀ ਗੁਆਂਢਣ ਨੇ ਉਸ ਦੇ ਲੜਕੇ ਜੋਤ ਰਾਮ ਨਾਲ ਨਾਜਾਇਜ਼ ਸਬੰਧ ਕਾਇਮ ਕਰ ਲਏ ਸਨ, ਜਿਸ ਦੇ ਪਰਿਵਾਰਕ ਮੈਂਬਰਾਂ ਨੇ ਸਾਡੇ ਘਰ ਆ ਕੇ ਉਸ ਦੇ ਪੁੱਤਰ ਦੀ ਕੁੱਟਮਾਰ ਕਰਨ ਤੋਂ ਇਲਾਵਾ ਘਰ ਪਏ ਸਾਮਾਨ ਦੀ ਭੰਨ੍ਹ-ਤੋੜ ਵੀ ਕੀਤੀ। ਇਹ ਮਾਮਲਾ ਕੁਝ ਦਿਨ ਪਹਿਲਾਂ ਵੀ ਥਾਣੇ ਪਹੁੰਚਿਆ ਸੀ ਪਰ ਪਤਵੰਤਿਆਂ ਨੇ ਸਮਝੌਤਾ ਕਰਵਾ ਦਿੱਤਾ। ਪਰ ਗੁਆਂਢਣ ਨੇ ਉਸ ਦੇ ਲੜਕੇ ਦਾ ਫਿਰ ਵੀ ਖਹਿੜਾ ਨਾ ਛੱਡਿਆ ਤੇ ਉਸ ਦੇ ਪਰਿਵਾਰ ਨੇ ਉਸ ਨੂੰ ਪਿੰਡ ਹਠੂਰ (ਲੁਧਿਆਣਾ) ਵਿਖੇ ਉਸ ਦੇ ਪੇਕੇ ਘਰ ਭੇਜ ਦਿੱਤਾ। ਉਸ ਦੇ ਮੁੰਡੇ ਤੋਂ ਉਸ ਨੂੰ ਮੋਬਾਈਲ ’ਤੇ ਮਿਸ ਕਾਲ ਹੋ ਗਈ ਤਾਂ ਉਸ ਦੇ ਭਰਾ ਇਸ ਹਰਕਤ ’ਤੇ ਭੜਕ ਉਠੇ ਤੇ ਉਹ ਹੋਰ ਵਿਅਕਤੀਆਂ ਨਾਲ ਆਏ ਤੇ ਉਸ ਦੇ ਲੜਕੇ ਦੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ।
ਇਸ ਨਮੌਸ਼ੀ ਨੂੰ ਨਾ ਸਹਾਰਦੇ ਹੋਏ ਉਸ ਦੇ ਪੁੱਤਰ ਨੇ ਸਲਫਾਸ ਖਾ ਕੇ ਆਤਮਹੱਤਿਆ ਕਰ ਲਈ। ਇਸ ਲਈ ਉਸ ਦੇ ਪੁੱਤਰ ਦੀ ਮੌਤ ਦੀ ਜਿੰਮੇਵਾਰ ਉਹ ਗੁਆਂਢਣ ਔਰਤ ਹੈ। ਇਸ ਦੀ ਸ਼ਿਕਾਇਤ ਅਸੀ ਪੁਲਿਸ ਚੌਕੀ ਤਪਾ ਵਿਖੇ ਕਰ ਦਿੱਤੀ ਹੈ। ਚੌਕੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਅਨੁਸਾਰ ਉਨ੍ਹਾਂ ਮ੍ਰਿਤਕ ਦੀ ਪਤਨੀ ਪੂਨਮ ਦੇ ਬਿਆਨਾਂ ’ਤੇ ਲਛਮੀ ਦੇਵੀ, ਸ਼ੰਕਰ ਰਾਮ (ਪਤੀ) ਤੇ ਦਿਓਰ ਰਾਹੁਲ ਕੁਮਾਰ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਤੇ ਪੋਸਟਮਾਰਟਮ ਲਈ ਲਾਸ਼ ਨੂੰ ਮੋਰਚਰੀ ਰੂਮ ਬਰਨਾਲਾ ਭੇਜ ਦਿੱਤਾ ਹੈ। ਮਾਮਲਾ ਦਰਜ ਹੋਣ ਉਪਰੰਤ ਧਰਨਾ ਚੁਕਿਆ ਗਿਆ। ਇਸ ਮੌਕੇ ਸਾਬਕਾ ਕੌਂਸਲਰ ਸੋਨੂੰ ਮੱਲ੍ਹੀ, ਸੇਰੂ, ਪ੍ਰਵੀਨ (ਭਰਾ), ਵੀਨਾ ਰਾਣੀ, ਸੁਨੀਤਾ ਰਾਣੀ, ਸਕੁੰਤਲਾ ਦੇਵੀ, ਰੇਖਾ ਦੇਵੀ, ਰੋਸ਼ਨ ਲਾਲ, ਆਸ਼ੂ ਪੰਕਜ. ਸ਼ਾਮ ਲਾਲ, ਰਵੀ ਕੁਮਾਰ, ਟਿੰਕੂ, ਰਾਜੇਸ਼ ਕੁਮਾਰ, ਸੁਮਿਤ ਆਦਿ ਵੱਡੀ ਗਿਣਤੀ ’ਚ ਬਸਤੀ ਵਾਸੀ ਹਾਜ਼ਰ ਸਨ।
Related