ਫਿਰੋਜ਼ਪੁਰ,(ਵਿਪਨ ਮਿੱਤਲ) : ਪਹਿਲੀਆਂ ਤਿੰਨ ਧੀਆਂ ਦੇ ਵਿਆਹਾਂ ਲਈ ਛੇ ਲੱਖ ਦੇ ਕਰਜ਼ਈ ਹੋ ਚੁੱਕੇ ਬਾਪ ਕੋਲੋਂ ਜਦੋਂ ਚੌਥੀ ਧੀ ਦੇ ਵਿਆਹ ਲਈ ਪੈਸਿਆਂ ਦਾ ਇੰਤਜ਼ਾਮ ਨਾ ਹੋਇਆ ਤਾਂ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਕਰਜ਼ੇ ਦੇ ਭਾਰ ਹੇਠ ਦੱਬ ਕੇ ਖੁਦਕੁਸ਼ੀ ਕਰਨ ਵਾਲੇ ਕਿਸਾਨ ਦੀ ਪਛਾਣ ਤਲਵੰਡੀ ਭਾਈ ਦੇ ਪਿੰਡ ਕਰਮੂਵਾਲਾ ਦੇ ਬੂਟਾ ਸਿੰਘ ਪੁੱਤਰ ਗੁਰਚਰਨ ਸਿੰਘ ਵਜੋਂ ਹੋਈ ਹੈ ਜੋ ਮਹਿਜ਼ ਡੇਢ ਏਕੜ ਜ਼ਮੀਨ ਦਾ ਮਾਲਕ ਸੀ।

    ਮ੍ਰਿਤਕ ਕਿਸਾਨ ਬੂਟਾ ਸਿੰਘ ਦੇ ਪਰਵਾਰਿਕ ਮੈਬਰਾਂ ਨੇ ਦੱਸਿਆ ਕਿ ਬੂਟਾ ਸਿੰਘ ਦੀਆਂ ਚਾਰ ਧੀਆਂ ਸਨ, ਜਿੰਨ੍ਹਾਂ ਵਿੱਚੋਂ ਤਿੰਨ ਵਿਆਹੀਆਂ ਹੋਈਆਂ ਸਨ। ਬੂਟਾ ਸਿੰਘ ਦੇ ਸਿਰ 6 ਲੱਖ ਰੁਪਏ ਦਾ ਕਰਜ਼ਾ ਸੀ ਜੋ ਉਸ ਨੇ ਆਪਣੀਆਂ ਤਿੰਨ ਧੀਆਂ ਦੇ ਵਿਆਹ ਸਮੇਂ ਲਿਆ ਸੀ ਪਰ ਜ਼ਮੀਨ ਘੱਟ ਹੋਣ ਕਾਰਨ ਕਰਜ਼ਾ ਵਾਪਸ ਨਾ ਮੋੜ ਸਕਿਆ। ਹੁਣ ਚੋਥੀ ਲੜਕੀ ਦਾ ਵਿਆਹ ਕਰਨਾ ਸੀ ਪਰ ਪੈਸੇ ਦਾ ਕੋਈ ਇੰਤਜ਼ਾਮ ਨਹੀਂ ਹੋ ਰਿਹਾ ਸੀ। ਇਸ ਕਰਕੇ ਬੂਟਾ ਸਿੰਘ ਅਕਸਰ ਪਰੇਸ਼ਾਨ ਰਹਿੰਦਾ ਸੀ। ਇਸੇ ਪਰੇਸ਼ਾਨੀ ਦੇ ਚਲਦਿਆਂ ਉਸਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ। ਪਤਾ ਲੱਗਣ ‘ਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚ ਸਕੀ। ਪਰਿਵਾਰ ਦੇ ਮੈਬਰਾਂ ਅਤੇ ਪਿੰਡ ਵਾਸੀਆਂ ਮੁਤਾਬਕ ਹੁਣ ਘਰ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਰਿਹਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦਾ ਕਰਜ਼ਾ ਮੁਆਫ ਕੀਤਾ ਜਾਵੇ ਤੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਦਾ ਰੋਟੀ ਪਾਣੀ ਚੱਲ ਸਕੇ।