ਇੱਕ ਨੰਬਰ ਨਾਲ ਕਰੋੜਪਤੀ ਬਣਨ ਤੋਂ ਖੁੰਝਿਆ ਫ਼ਾਜ਼ਿਲਕਾ ਦਾ ਪਵਨ ਕੁਮਾਰ, ਸਦਮੇ ਨਾਲ ਵਿਗੜੀ ਤਬੀਅਤ

ਫ਼ਾਜ਼ਿਲਕਾ (ਅਰਸ਼ਦੀਪ ਸਿੰਘ ਕਾਲੜਾ)  :- ਫ਼ਾਜ਼ਿਲਕਾ ਦੇ ਇੱਕ ਵਿਅਕਤੀ ਦੀ ਕਿਸਮਤ ਇੱਕ ਕਰੋੜ ਰੁਪਏ ਦੇ ਬਹੁਤ ਨੇੜੇ ਆ ਕੇ ਰੁਕ ਗਈ। ਪਵਨ ਕੁਮਾਰ ਨਾਗਾਲੈਂਡ ਸਟੇਟ ਲਾਟਰੀ ਦਾ ਇੱਕ ਕਰੋੜ ਰੁਪਏ ਦਾ ਪਹਿਲਾ ਇਨਾਮ ਸਿਰਫ਼ ਇੱਕ ਨੰਬਰ ਨਾਲ ਖੁੰਝ ਗਏ, ਜਿਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜ ਗਈ।

ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਫ਼ਾਜ਼ਿਲਕਾ ਦੇ ਮੇਹਰੀਆਂ ਬਾਜ਼ਾਰ ਸਥਿਤ ਰੂਪ ਚੰਦ ਲਾਟਰੀ ਵਾਲਿਆਂ ਤੋਂ ਨਾਗਾਲੈਂਡ ਸਟੇਟ ਲਾਟਰੀ ਦੀ ਟਿਕਟ ਨੰਬਰ 61B 49531 ਖਰੀਦੀ ਸੀ। ਲਾਟਰੀ ਦਾ ਨਤੀਜਾ ਸੋਮਵਾਰ ਰਾਤ 8 ਵਜੇ ਐਲਾਨਿਆ ਗਿਆ। ਮੰਗਲਵਾਰ ਸਵੇਰੇ ਜਦੋਂ ਉਹ ਆਪਣੀ ਟਿਕਟ ਦਾ ਨੰਬਰ ਮਿਲਾਉਣ ਲਈ ਦੁਕਾਨ ‘ਤੇ ਪਹੁੰਚੇ ਤਾਂ ਪਤਾ ਲੱਗਾ ਕਿ ਇੱਕ ਕਰੋੜ ਰੁਪਏ ਦਾ ਇਨਾਮ 41B 49531 ਨੰਬਰ ਵਾਲੀ ਟਿਕਟ ਨੂੰ ਨਿਕਲਿਆ, ਜਦਕਿ ਉਨ੍ਹਾਂ ਦੀ ਟਿਕਟ ਦਾ ਨੰਬਰ 61B 49531 ਸੀ।

ਇਹ ਦੇਖ ਕੇ ਪਵਨ ਕੁਮਾਰ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਅਤੇ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਅਚਾਨਕ ਘਟ ਗਿਆ। ਉਨ੍ਹਾਂ ਦੀ ਹਾਲਤ ਦੇਖ ਕੇ ਲਾਟਰੀ ਵਿਕਰੇਤਾ ਬੌਬੀ ਨੇ ਤੁਰੰਤ ਉਨ੍ਹਾਂ ਨੂੰ ਲੂਣ ਮਿਲਾ ਕੇ ਨਿੰਬੂ ਪਾਣੀ ਅਤੇ ਕੋਲਡ ਡਰਿੰਕ ਪਿਲਾਈ, ਏਅਰ ਕੰਡੀਸ਼ਨਰ ਵਾਲੇ ਕਮਰੇ ਵਿੱਚ ਬਿਠਾ ਕੇ ਹੌਸਲਾ ਦਿੱਤਾ। ਕੁਝ ਸਮੇਂ ਬਾਅਦ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਆ ਗਿਆ।

ਲਾਟਰੀ ਵਿਕਰੇਤਾ ਬੌਬੀ ਨੇ ਪਵਨ ਕੁਮਾਰ ਨੂੰ ਹਿੰਮਤ ਦਿੰਦਿਆਂ ਕਿਹਾ ਕਿ ਕਿਸਮਤ ਅੱਜ ਭਾਵੇਂ ਇੱਕ ਕਦਮ ਪਿੱਛੇ ਰਹਿ ਗਈ ਹੋਵੇ, ਪਰ ਅੱਗੇ ਚੱਲ ਕੇ ਵੱਡਾ ਇਨਾਮ ਵੀ ਮਿਲ ਸਕਦਾ ਹੈ। ਉਨ੍ਹਾਂ ਨੂੰ 10 ਹਜ਼ਾਰ ਰੁਪਏ ਦਾ ਸਾਂਤਵਨਾ ਇਨਾਮ ਵੀ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ 7 ਕਰੋੜ ਰੁਪਏ ਦੇ ਰਾਖੀ ਬੰਪਰ ਦੀ ਇੱਕ ਨਵੀਂ ਟਿਕਟ ਵੀ ਦਿੱਤੀ ਗਈ, ਤਾਂ ਜੋ ਉਹ ਮੁੜ ਆਪਣੀ ਕਿਸਮਤ ਅਜ਼ਮਾ ਸਕਣ।