ਫਾਜ਼ਿਲਕਾ ਦੇ SSP ਵਰਿੰਦਰ ਸਿੰਘ ਬਰਾੜ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗ੍ਰਿਫਤਾਰ 4 ਪੁਲਿਸ ਮੁਲਾਜ਼ਮਾਂ ਉਤੇ ਕਾਰਵਾਈ ਨਹੀਂ ਕੀਤੀ ਸੀ। ਦੱਸ ਦੇਈਏ ਕਿ ਬੀਤੇ ਦਿਨੀਂ ਵਿਜੀਲੈਂਸ ਬਿਊਰੋ ਨੇ ਫਾਜ਼ਿਲਕਾ ਸਾਈਬਰ ਸੈੱਲ ਦੇ ਚਾਰ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਲੋਕ ਫਾਜ਼ਿਲਕਾ ਵਿੱਚ ਨਾਬਾਲਗ ਵਿਰੁੱਧ ਸਾਈਬਰ ਕੇਸ ਦਰਜ ਕਰਨ ਦੀ ਧਮਕੀ ਦੇ ਰਹੇ ਸਨ। ਨਾਲ ਹੀ ਪਰਿਵਾਰ ‘ਤੇ ਲੱਖਾਂ ਰੁਪਏ ਦੀ ਰਿਸ਼ਵਤ ਦੇਣ ਲਈ ਦਬਾਅ ਪਾਇਆ ਜਾ ਰਿਹਾ ਸੀ। ਪ੍ਰਭਾਵਿਤ ਬੱਚਿਆਂ ਦੇ ਪਰਿਵਾਰਾਂ ਨੇ ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਕੀਤੀ ਸੀ। ਇਸ ਦੇ ਬਾਅਦ ਸਾਈਬਰ ਸੈੱਲ ਫਾਜ਼ਿਲਕਾ ਦੇ ਐਸਐਚਓ ਨੂੰ ਉਸਦੇ ਸਾਥੀ ਮੁਲਾਜ਼ਮਾਂ ਸਣੇ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਹੈ। ਪੀੜਤ ਪਰਿਵਾਰ ਦਾ 17 ਸਾਲਾ ਬੱਚਾ ਸਾਈਬਰ ਕ੍ਰਾਈਮ ਵਿੱਚ ਸ਼ਾਮਲ ਹੋ ਗਿਆ ਸੀ। ਬੱਚੇ ਨੇ ਗਲਤੀ ਨਾਲ ਇੱਕ ਪੋਰਨ ਵੀਡੀਓ ‘ਤੇ ਕਲਿੱਕ ਕਰ ਦਿੱਤਾ। ਇਹ ਇੱਕ ਨਾਨ-ਸੀਰੀਅਸ ਕੇਸ ਸੀ। ਪਰ ਪੁਲਿਸ ਮੁਲਾਜ਼ਮਾਂ ਨੇ ਇਸ ਦਾ ਫਾਇਦਾ ਚੁੱਕਿਆ। ਇਹ ਲੋਕ ਬੱਚੇ ਦੇ ਪਰਿਵਾਰ ਨੂੰ ਧਮਕੀਆਂ ਦਿੰਦੇ ਰਹੇ ਅਤੇ ਪੈਸੇ ਦੀ ਮੰਗ ਕਰਦੇ ਰਹੇ ਪਰ ਜਦੋਂ ਮਾਮਲਾ ਨਾ ਸੁਲਝਿਆ ਤਾਂ ਉਨ੍ਹਾਂ ਨੇ ਮੁੱਖ ਮੰਤਰੀ ਨਾਲ ਸੰਪਰਕ ਕੀਤਾ।