ਲੁਧਿਆਣਾ (ਬਿਊਰੋ) ਵਿੱਚ ਬੇਖੌਫ ਚੋਰਾਂ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਥੇ ਚੋਰਾਂ ਨੇ ਫਿਰੋਜ਼ਪੁਰ ਰੋਡ ਸਥਿਤ ਇੱਕ ਬਿਊਟੀ ਅਕਾਦਮੀ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਹੈਰਾਨ ਦੀ ਗੱਲ ਇਹ ਹੈ ਕਿ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੇਖ ਲਿਆ ਸੀ। ਪਰ ਬੇਖੌਫ ਚੋਰਾਂ ਨੇ ਸੀਸੀਟੀਵੀ ਕੈਮਰੇ ਸਾਹਮਣੇ ਭੰਗੜਾ ਪਾਇਆ ਅਤੇ ਬਾਅਦ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

    ਚੋਰਾਂ ਨੇ ਅਕਾਦਮੀ ਦੇ ਅੰਦਰ ਕਾਫੀ ਸਮੇਂ ਤੱਕ ਸਾਮਾਨ ਇਕੱਠਾ ਕੀਤਾ ਅਤੇ ਉਸ ਨੂੰ ਲਿਜਾਣ ਵਿੱਚ ਸਫਲ ਰਹੇ। ਚੋਰਾਂ ਨੇ ਅਕਾਦਮੀ ਤੋਂ ਦੋ ਐੱਲ.ਈ.ਡੀ. ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦੋਂ ਸਵੇਰੇ ਅਕਾਦਮੀ ਦੇ ਮੈਨੇਜਰ ਹਰਪ੍ਰੀਤ ਕੌਰ ਉਥੇ ਪਹੁੰਚੀ ਅਤੇ ਸਾਮਾਨ ਖਿਲਰਿਆ ਵੇਖ ਉਨ੍ਹਾਂ ਨੇ ਇਸ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ। ਇਸ ਮਗਰੋਂ ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਪੁਲਿਸ ਦੋਸ਼ੀਆਂ ਦੀ ਪਛਾਣ ਕਰਨ ਵਿੱਚ ਲੱਗੀ ਹੈ।

    ਇਨ ਇੰਟਰਨੈਸ਼ਨਲ ਬਿਊਟੀ ਅਕਾਦਮੀ ਦੀ ਮੈਨੇਜਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਐਤਵਾਰ ਨੂੰ ਵੀ ਉਹ ਸਾਰੇ ਕੰਮ ਕਰਕੇ ਆਪਣੇ-ਆਪਣੇ ਘਰ ਚਲੇ ਗਏ ਸਨ। ਇਸੇ ਦੌਰਾਨ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਹਰਪ੍ਰੀਤ ਨੇ ਦੱਸਿਆ ਕਿ ਜਦੋਂ ਉਹ ਸੈਂਟਰ ਪਹੁੰਚੀ ਤਾਂ ਲੌਕ ਟੁੱਟਿਆ ਪਿਆ ਸੀ ਤੇ ਅੰਦਰ ਸਾਮਾਨ ਖਿਲਰਿਆ ਪਿਆ ਸੀ। ਅੰਦਰ ਜਾ ਕੇ ਸਾਮਾਨ ਦੀ ਜਾਂਚ ਕੀਤੀ ਤਾਂ ਕਾਫੀ ਸਾਮਾਨ ਗਾਇਬ ਸੀ ਅਤੇ ਐੱਲ.ਈ.ਡੀ. ਵੀ ਨਹੀਂ ਸੀ। ਹਰਪ੍ਰੀਤ ਦੇ ਮੁਤਾਬਕ ਉਨ੍ਹਾਂ ਨੇ ਤੁਰੰਤ ਇਸ ਦੀ ਜਾਣਕਾਰੀ ਅਕਾਦਮੀ ਦੇ ਮਾਲਕ ਵਿਸ਼ਾਲ ਗੁਟਾਨੀ ਨੂੰ ਦਿੱਤੀ।