ਤੇਲੰਗਾਨਾ ਤੋਂ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਦੀ ਵਿਧਾਇਕਾ ਲਾਸਯਾ ਨੰਦਿਤਾ ਦੀ ਸ਼ੁਕਰਵਾਰ ਨੂੰ ਸੰਗਰੇਡੀ ਜ਼ਿਲ੍ਹੇ ਦੇ ਪਠਾਨਚੇਰੂ ਵਿਖੇ ਇਕ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ। ਸਿਕੰਦਰਾਬਾਦ ਕੈਂਟ ਤੋਂ ਵਿਧਾਇਕਾ ਦੀ ਉਮਰ 33 ਸਾਲ ਦੀ ਸੀ। ਪੁਲਿਸ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੇਕਾਬੂ ਕਾਰ ਡਿਵਾਈਡਰ ਨਾਲ ਟਕਰਾ ਗਈ। ਬੀਆਰਐਸ ਮੁਖੀ ਕੇ. ਚੰਦਰਸ਼ੇਖਰ ਰਾਓ ਨੇ ਨੰਦਿਤਾ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬੀਆਰਐਸ ਦੇ ਕਾਰਜਕਾਰੀ ਪ੍ਰਧਾਨ ਕੇਟੀ ਰਾਮਾ ਰਾਓ ਨੇ ਵੀ ਵਿਧਾਇਕਾ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ।

    ਪੁਲਿਸ ਨੇ ਦਸਿਆ ਕਿ ਹਾਦਸਾ ਅੱਜ ਤੜਕੇ ਉਸ ਸਮੇਂ ਵਾਪਰਿਆਂ ਜਦੋਂ ਵਿਧਾਇਕਾ ਸਿਕੰਦਰਾਬਾਦ ਤੋਂ ਸਦਾਸ਼ਿਵਪੇਟ ਜਾ ਰਹੇ ਸਨ। ਡਰਾਈਵਰ ਕੰਟਰੋਲ ਗੁਆ ਬੈਠਾ, ਜਿਸ ਕਾਰਨ ਕਾਰ ਡਿਵਾਈਡਰ ਨਾਲ ਜਾ ਟਕਰਾਈ। ਇਸ ਹਾਦਸੇ ‘ਚ ਵਿਧਾਇਕਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇਕ ਨਿਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

    ਲਾਸ਼ ਨੂੰ ਪੋਸਟਮਾਰਟਮ ਲਈ ਪਟਨਾਚੇਰੂ ਏਰੀਆ ਹਸਪਤਾਲ ਭੇਜ ਦਿਤਾ ਗਿਆ ਹੈ। ਬਾਅਦ ‘ਚ ਉਨ੍ਹਾਂ ਨੂੰ ਚਿੱਕੜਪੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਲਿਜਾਇਆ ਜਾਵੇਗਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।

    ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਨੰਦਿਤਾ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਰੈੱਡੀ ਨੇ ਟਵਿੱਟਰ ‘ਤੇ ਕਿਹਾ, “ਮੈਂ ਕੈਂਟ ਦੀ ਵਿਧਾਇਕਾ ਲਾਸਯਾ ਨੰਦਿਤਾ ਦੇ ਬੇਵਕਤੀ ਦਿਹਾਂਤ ਤੋਂ ਡੂੰਘਾ ਸਦਮਾ ਪਹੁੰਚਿਆ ਹਾਂ। ਨੰਦਿਤਾ ਦੇ ਪਿਤਾ ਮਰਹੂਮ ਸਯਾਨਾ ਨਾਲ ਮੇਰਾ ਗੂੜ੍ਹਾ ਰਿਸ਼ਤਾ ਸੀ। ਪਿਛਲੇ ਸਾਲ ਇਸੇ ਮਹੀਨੇ ਉਨ੍ਹਾਂ ਦੀ ਮੌਤ ਹੋ ਗਈ ਸੀ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਨੰਦਿਤਾ ਵੀ ਨਹੀਂ ਰਹੀ। ਉਨ੍ਹਾਂ ਦੇ ਪਰਵਾਰ ਨਾਲ ਮੇਰੀ ਡੂੰਘੀ ਸੰਵੇਦਨਾ ਹੈ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।”

    ਨੰਦਿਤਾ ਇਸ ਤੋਂ ਕੁੱਝ ਦਿਨ ਪਹਿਲਾਂ ਨਲਗੋਂਡਾ ਤੋਂ ਹੈਦਰਾਬਾਦ ਪਰਤਦੇ ਸਮੇਂ ਸੜਕ ਹਾਦਸੇ ‘ਚ ਜ਼ਖਮੀ ਹੋ ਗਈ ਸੀ। ਉਸ ਦੇ ਪਿਤਾ ਦੀ ਪਿਛਲੇ ਸਾਲ 19 ਫਰਵਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਨੰਦਿਤਾ ਨੇ ਛਾਉਣੀ ਖੇਤਰ ਤੋਂ ਚੋਣ ਜਿੱਤੀ ਸੀ।