ਉਜੈਨ ਦੇ ਮਹਾਕਾਲੇਸ਼ਵਰ ਮੰਦਰ ‘ਚ ਸੋਮਵਾਰ ਸਵੇਰੇ ਭਸਮ ਆਰਤੀ ਦੌਰਾਨ ਪਾਵਨ ਅਸਥਾਨ ‘ਚ ਅੱਗ ਲੱਗ ਗਈ। ਇਸ ਵਿਚ ਪੁਜਾਰੀ ਸਮੇਤ 13 ਲੋਕ ਝੁਲਸ ਗਏ। ਦਸਿਆ ਜਾ ਰਿਹਾ ਹੈ ਕਿ ਇਹ ਅੱਗ ਆਰਤੀ ਦੌਰਾਨ ਗੁਲਾਲ ਉਡਾਉਣ ਕਾਰਨ ਲੱਗੀ। ਹਾਦਸੇ ਦੇ ਸਮੇਂ ਮੰਦਰ ‘ਚ ਹਜ਼ਾਰਾਂ ਸ਼ਰਧਾਲੂ ਹੋਲੀ ਮਨਾ ਰਹੇ ਸਨ।

    ਜ਼ਖਮੀ ਸੇਵਕ ਨੇ ਦਸਿਆ ਕਿ ਕਿਸੇ ਨੇ ਪਿੱਛੇ ਤੋਂ ਆਰਤੀ ਕਰ ਰਹੇ ਪੁਜਾਰੀ ਸੰਜੀਵ ‘ਤੇ ਗੁਲਾਲ ਪਾ ਦਿਤਾ। ਗੁਲਾਲ ਦੀਵੇ ‘ਤੇ ਡਿੱਗ ਪਿਆ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਗੁਲਾਲ ਵਿਚ ਕੋਈ ਕੈਮੀਕਲ ਸੀ, ਜਿਸ ਕਾਰਨ ਅੱਗ ਲੱਗੀ।

    ਕੁੱਝ ਲੋਕਾਂ ਨੇ ਅੱਗ ਬੁਝਾਊ ਯੰਤਰਾਂ ਨਾਲ ਅੱਗ ‘ਤੇ ਕਾਬੂ ਪਾਇਆ। ਪਰ ਉਦੋਂ ਤਕ ਪਾਵਨ ਅਸਥਾਨ ਵਿਚ ਮੌਜੂਦ ਸੰਜੀਵ ਪੁਜਾਰੀ, ਵਿਕਾਸ, ਮਨੋਜ, ਸੇਵਾਧਾਰੀ ਆਨੰਦ, ਕਮਲ ਜੋਸ਼ੀ ਸਮੇਤ ਆਰਤੀ ਕਰ ਰਹੇ 13 ਲੋਕ ਸੜ ਗਏ।

    ਉਜੈਨ ਦੇ ਕਲੈਕਟਰ ਨੀਰਜ ਸਿੰਘ ਨੇ ਕਿਹਾ ਕਿ ਘਟਨਾ ਦੀ ਜਾਂਚ ਦੇ ਆਦੇਸ਼ ਦਿਤੇ ਗਏ ਹਨ। ਇਸ ਲਈ ਇਕ ਕਮੇਟੀ ਬਣਾਈ ਗਈ ਹੈ। ਕੁੱਝ ਜ਼ਖਮੀਆਂ ਨੂੰ ਉਜੈਨ ਦੇ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਕਈਆਂ ਨੂੰ ਇੰਦੌਰ ਰੈਫਰ ਕੀਤਾ ਜਾ ਰਿਹਾ ਹੈ।