ਜਲੰਧਰ,(ਵਿੱਕੀ ਸੂਰੀ)- ਦਿਨੋਂ ਦਿਨ ਸ਼ਹਿਰ ’ਚ ਗੁੰਡਾਗਰਦੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਸ਼ਹਿਰ ਦੇ ਗਾਜ਼ੀਗੁੱਲਾ ਗਰਾਊਂਡ ਰੇਲਵੇ ਲਾਈਨਾਂ ਨੇੜੇ ਦੇਖਣ ਨੂੰ ਮਿਲਿਆ, ਜਿਥੇ ਗੋਲੀ ਚੱਲਣ ਦਾ ਮਾਮਲਾ ਸਾਹਮਣਾ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਭਰਾਵਾਂ ਨੇ ਪੈਸਿਆਂ ਦੇ ਲੈਣ-ਦੇਣ ’ਚ ਇਕ ਨੌਜਵਾਨ ’ਤੇ ਗੋਲੀ ਚਲਾਈ ਪਰ ਨੌਜਵਾਨ ਦੇ ਗੋਲੀ ਲੱਗਣ ਤੋਂ ਬਚਾਅ ਹੋ ਗਿਆ।

    ਇਸ ਸਬੰਧੀ ਜਾਣਕਾਰੀ ਦਿੰਦਿਆ ਪੀੜਤ ਨੌਜਵਾਨ ਜੈਕਸਨ ਨੇ ਦੱਸਿਆ ਕਿ ਉਸ ਨੇ ਦੋ ਭਰਾਵਾਂ ਤੋਂ ਕੋਰੋਨਾ ਸਮੇਂ ਦੌਰਾਨ ਵਿਆਜ ’ਤੇ ਪੈਸੇ ਲਏ ਸਨ ਅਤੇ ਸਾਰੇ ਪੈਸੇ ਦੇਣ ਦੇ ਬਾਵਜੂਦ ਵੀ ਦੋਵੇਂ ਭਰਾ ਹੋਰ ਪੈਸਿਆਂ ਦੀ ਮੰਗ ਕਰ ਰਹੇ ਸਨ, ਜਿਸ ਸਬੰਧੀ ਜਦੋਂ ਉਹ ਰੇਲਵੇ ਲਾਈਨਾਂ ਨੇੜੇ ਮਿਲਣ ਪਹੁੰਚੇ ਤਾਂ ਉਨ੍ਹਾਂ ਨੇ ਮੇਰੇ ਨਾਲ ਹੱਥੋਪਾਈ ਕੀਤੀ ਤੇ ਗੋਲੀ ਚਲਾਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।