ਅੰਮ੍ਰਿਤਸਰ: ਅਜਨਾਲਾ (Ajnala) ਦੇ ਕੋਲ ਕਾਰ ਸਵਾਰ ਇਕ ਵਕੀਲ ’ਤੇ ਕੁਝ ਬਦਮਾਸ਼ਾਂ ਵੱਲੋਂ ਬੁੱਧਵਾਰ ਦੁਪਹਿਰ ਨੂੰ ਤਾਬੜਤੋੜ ਫਾਇਰਿੰਗ (Firing) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਫਰਾਰ ਹੋ ਗਏ, ਜਦਕਿ ਵਕੀਲ ਨੇ ਕਿਸੇ ਤਰ੍ਹਾਂ ਆਪਣਾ ਬਚਾਅ ਕੀਤਾ। ਆਪਣੀ ਜਾਨ ਬਚਾਉਣ ਲਈ ਵਕੀਲ ਨੇ ਤੇਜ਼ ਰਫ਼ਤਾਰ ਨਾਲ ਕਾਰ ਭਜਾਈ ਅਤੇ ਸਿੱਧੀ ਥਾਣੇ ਦੇ ਅੰਦਰ ਵਾੜ ਦਿੱਤੀ।
ਜਾਣਕਾਰੀ ਅਨੁਸਾਰ ਵਕੀਲ ਸੁਨੀਲ ਪਾਲ ਆਪਣੇ ਇਕ ਸਾਥੀ ਅਤੇ ਬੱਚਿਆਂ ਦੇ ਨਾਲ ਅੰਮ੍ਰਿਤਸਰ ਤੋਂ ਅਜਨਾਲਾ ਪਰਤ ਰਹੇ ਸਨ। ਰਸਤੇ ‘ਚ ਰਿਲਾਇੰਸ ਪੈਟਰੋਲ ਪੰਪ ਕੋਲ ਇਕ ਕਾਰ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਵੇਖਦੇ ਹੀ ਵੇਖਦੇ ਦੋ ਹੋਰ ਕਾਰਾਂ ਅਤੇ ਇਕ ਬਾਈਕ ਸਵਾਰ ਨੇ ਉਨ੍ਹਾਂ ਨੂੰ ਘੇਰ ਲਿਆ। ਸੁਨੀਲ ਅਜੇ ਕੁਝ ਸਮਝ ਪਾਉਂਦੇ, ਹਮਲਾਵਰਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਸੁਨੀਲ ਨੇ ਤੁਰੰਤ ਕਾਰ ਭਜਾਈ ਅਤੇ ਕੁਝ ਹੀ ਦੂਰੀ ‘ਤੇ ਸਥਿਤ ਥਾਣੇ ਦੇ ਅੰਦਰ ਪਹੁੰਚ ਗਏ। ਮੁਲਜ਼ਮਾਂ ਨੇ ਵੀ ਆਪਣੀਆਂ ਗੱਡੀਆਂ ਭਜਾਈਆਂ ਅਤੇ ਪਿੱਛਾ ਕਰਦੇ ਹੋਏ ਅੱਗੇ ਨਿਕਲ ਗਏ। ਥਾਣਾ ਇੰਚਾਰਜ ਹਿਮਾਂਸ਼ੂ ਭਗਤ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।