ਕਪੂਰਥਲਾ,(ਗੌਰਵ ਮੜੀਆ)- ਕਿਸਾਨੀ ਸੰਘਰਸ਼ ਨੂੰ ਸਮਰਪਿਤ ਮਿਤੀ 6 ਨਵੰਬਰ ਦਿਨ ਸ਼ਨੀਵਾਰ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਪਹਿਲਾ ਗੋਲਡ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਦੁਆਬਾ ਸਪੋਰਟਸ ਕਲੱਬ ਸਪੇਨ ਵੱਲੋਂ ਕਰਵਾਏ ਜਾ ਰਹੇ ਪਹਿਲੇ ਗੋਲਡ ਕਬੱਡੀ ਕੱਪ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਕਨਵੀਨਰ ਬਲਜਿੰਦਰ ਸਿੰਘ ਸਪੇਨ (ਸੈਫਲਾਬਾਦ) ਨੇ ਦੱਸਿਆ ਕਿ ਉਕਤ ਪਹਿਲੇ ਗੋਲਡ ਕਬੱਡੀ ਕੱਪ ਦੇ ਆਯੋਜਨ ਲਈ ਗੋਲਡਨ ਸਪਾਂਸਰ ਸਤਨਾਮ ਸਿੰਘ ਸੰਧੂ ਨੇ ਕਲੱਬ ਨੂੰ 50 ਲੱਖ ਰੁਪਏ ਦਾ ਆਰਥਿਕ ਸਹਿਯੋਗ ਦਿੱਤਾ ਹੈ, ਜਿਸ ਲਈ ਕਲੱਬ ਦਾ ਹਰ ਮੈਂਬਰ ਤੇ ਹਰ ਕਬੱਡੀ ਪ੍ਰੇਮੀ ਉਨ੍ਹਾਂ ਦੇ ਸਹਿਯੋਗ ਲਈ ਤਹਿ ਦਿਲ ਤੋਂ ਧੰਨਵਾਦੀ ਹੈ।

    ਬਲਜਿੰਦਰ ਸਿੰਘ ਸਪੇਨ (ਸੈਫਲਾਬਾਦ) ਨੇ ਦੱਸਿਆ ਕਿ ਜਲੰਧਰ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ 6 ਨਵੰਬਰ ਦਿਨ ਸ਼ਨੀਵਾਰ ਨੂੰ ਹੋਣ ਜਾ ਰਹੇ ਇਸ ਕੱਪ ਵਿੱਚ 8 ਇੰਟਰਨੈਸ਼ਨਲ ਕਬੱਡੀ ਕਲੱਬਾਂ ਦੇ ਆਕਰਸ਼ਕ ਮੈਚ ਕਰਵਾਏ ਜਾਣਗੇ ਅਤੇ ਜੇਤੂ ਖਿਡਾਰੀਆਂ ਨੂੰ ਲੱਖਾਂ ਰੁਪਏ ਦੇ ਨਕਦ ਇਨਾਮ ਤਕਸੀਮ ਕੀਤੇ ਜਾਣਗੇ। ਇਸ ਮੌਕੇ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਅਤੇ ਉਨ੍ਹਾਂ ਦੀ ਬੇਰੋਜਗਾਰੀ ਦੂਰ ਕਰਨ ਲਈ ਕਬੱਡੀ ਮੈਚ ਬਹੁਤ ਵੱਡਾ ਉਪਰਾਲਾ ਹੈ। ਇਨ੍ਹਾਂ ਮੈਚਾਂ ਵਿੱਚ ਖਿਡਾਰੀਆਂ ਵੱਲੋਂ ਖੇਡਣ ਤੇ ਉਨ੍ਹਾਂ ਦਾ ਚੰਗਾ ਭਵਿੱਖ ਬਣ ਜਾਂਦਾ ਹੈ।

    ਦੇਸ਼ਾਂ-ਵਿਦੇਸ਼ਾਂ ਵਿੱਚ ਮੈਚ ਹੁੰਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਚੰਗੇ ਇਨਾਮ ਮਿਲਦੇ ਹਨ ਅਤੇ ਸਰਕਾਰਾਂ ਵੀ ਉਨ੍ਹਾਂ ਦੇ ਵਧੀਆ ਖੇਡ ਮੁਕਾਬਲਿਆਂ ਨੂੰ ਦੇਖਦੇ ਹੋਏ ਸਰਕਾਰੀ ਨੌਕਰੀਆਂ ਪ੍ਰਦਾਨ ਕਰਦੀਆਂ ਹਨ। ਇਸ ਮੌਕੇ ਉੱਘੇ ਸਮਾਜਸੇਵਾਕ ਅਮਰੀਕ ਸਿੰਘ ਸਪੇਨ,ਸਰਬਜੋਤ ਸਾਬੀ, ਬੀਰੂ ਸੈਦੋਵਾਲ, ਸੁਖਵਿੰਦਰ ਸਿੰਘ ਗਿੱਲ, ਮਾਹਨਾ ਵਡਾਲਾ, ਜਸਵੀਰ ਸਿੰਘ ਵੜੈਚ ਸੈਦੋਵਾਲ, ਸ਼ੰਭੂ ਧਨੋਆ, ਬਿੱਟੂ ਪੁਰੇਵਾਲ ਆਦਿ ਕਬੱਡੀ ਪ੍ਰੇਮੀਆਂ ਨੇ ਸਤਨਾਮ ਸਿੰਘ ਸੰਧੂ ਦਾ ਕਲੱਬ ਨੂੰ ਦਿੱਤੇ ਆਰਥਿਕ ਸਹਿਯੋਗ ਦਾ ਧੰਨਵਾਦ ਆਖਿਆ ਅਤੇ ਕਬੱਡੀ ਪ੍ਰੇਮੀਆਂ ਨੂੰ ਖੇਡ ਮੇਲੇ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ।