ਬਾਘਾ ਪੁਰਾਣਾ ਦੇ ਇਕ ਪਿੰਡ ’ਚ ਪੰਜ ਜਣਿਆਂ ਨੇ ਪਿੰਡ ਦੀ ਹੀ ਨਾਬਾਲਗ ਕੁੜੀ ਨੂੰ ਅਗਵਾ ਕਰ ਕੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ। ਸ਼ਨਿਚਰਵਾਰ ਸ਼ਾਮ ਕਾਰ ਸਵਾਰ ਨੌਜਵਾਨਾਂ ਨੇ ਉਸ ਨੂੰ ਉਸ ਸਮੇਂ ਅਗਵਾ ਕਰ ਲਿਆ ਜਦੋਂ ਉਹ ਦੁਕਾਨ ’ਤੇ ਸਾਮਾਨ ਖ਼ਰੀਦਣ ਗਈ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਉਸ ਨੂੰ ਉਸ ਦੇ ਘਰ ਨੇੜੇ ਗੰਭੀਰ ਹਾਲਤ ’ਚ ਸੁੱਟ ਕੇ ਫ਼ਰਾਰ ਹੋ ਗਏ। ਮੁਲਜ਼ਮਾਂ ਨੇ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਇੰਨਾ ਡਰਾ-ਧਮਕਾ ਦਿੱਤਾ ਕਿ ਉਹ ਧੀ ਨੂੰ ਤੜਫ਼ਦਾ ਹੋਇਆ ਦੇਖ ਕੇ ਵੀ ਦੁਪਹਿਰ ਤੱਕ ਹਸਪਤਾਲ ਲਿਜਾਣ ਦੀ ਹਿੰਮਤ ਨਾ ਕਰ ਸਕੇ। ਬਾਘਾ ਪੁਰਾਣਾ ਭਾਜਪਾ ਦੇ ਇੰਚਾਰਜ ਗੁਰਵਿੰਦਰ ਸਿੰਘ ਬਬਲੂ ਨੇ ਬਲਾਕ ਪ੍ਰਧਾਨ ਨੂੰ ਮੌਕੇ ’ਤੇ ਭੇਜਿਆ ਤੇ ਪੀੜਤਾ ਨੂੰ ਹਸਪਤਾਲ ਦਾਖ਼ਲ ਕਰਵਾਇਆ ਪਰ ਹਾਲਤ ਗੰਭੀਰ ਹੋਣ ’ਤੇ ਸ਼ਾਮ ਚਾਰ ਵਜੇ ਮੋਗਾ ਸਿਵਲ ਹਸਪਤਾਲ ਰੈਫਰ ਕੀਤਾ ਗਿਆ। ਘਟਨਾ ਦੀ ਸ਼ਿਕਾਇਤ ਦੇਣ ਦੇ ਬਾਵਜੂਦ ਦੇਰ ਸ਼ਾਮ ਤੱਕ ਥਾਣਾ ਬਾਘਾ ਪੁਰਾਣਾ ਦੀ ਪੁਲਿਸ ਪੀੜਤਾ ਤੇ ਉਸ ਦੇ ਪਰਿਵਾਰ ਦਾ ਬਿਆਨ ਤੱਕ ਦਰਜ ਕਰਨ ਨਹੀਂ ਪਹੁੰਚੀ।
ਸਾਢੇ 17 ਸਾਲ ਦੀ ਪੀੜਤਾ ਸ਼ਨਿਚਰਵਾਰ ਸ਼ਾਮ ਨੂੰ ਕਰੀਬ ਸਾਢੇ ਪੰਜ ਵਜੇ ਦੁਕਾਨ ’ਤੇ ਕਰਿਆਨੇ ਦਾ ਕੁਝ ਸਾਮਾਨ ਲੈਣ ਗਈ ਤਾਂ ਗਲੀ ’ਚ ਸੰਨਾਟਾ ਸੀ। ਇਸੇ ਦੌਰਾਨ ਕਾਰ ’ਚ ਆਏ ਕੁਝ ਵਿਅਕਤੀਆਂ ਨੇ ਉਸ ਨੂੰ ਗੱਡੀ ’ਚ ਖਿੱਚ ਲਿਆ ਤੇ ਉੱਥੋਂ ਤੇਜ਼ੀ ਨਾਲ ਗੱਡੀ ਭਜਾ ਕੇ ਲੈ ਗਏ। ਰਾਤ ਭਰ ਉਸ ਨਾਲ ਸਮੂਹਿਕ ਜਬਰ ਜਨਾਹ ਕਰਨ ਤੋਂ ਬਾਅਦ ਸਵੇਰੇ ਉਸ ਨੂੰ ਘਰ ਦੇ ਬਾਹਰ ਸੁੱਟ ਕੇ ਫ਼ਰਾਰ ਹੋ ਗਏ। ਪਰਿਵਾਰ ਵਾਲੇ ਰਾਤ ਭਰ ਉਸ ਦੀ ਭਾਲ ਕਰਦੇ ਰਹੇ।
ਐੱਸਐੱਸਪੀ ਵਿਵੇਕਸ਼ੀਲ ਸੋਨੀ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਜੋ ਵੀ ਦੋਸ਼ੀ ਹੋਵੇਗਾ, ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਥਾਣਾ ਪੁਲਿਸ ਵੱਲੋਂ ਕਾਰਵਾਈ ’ਚ ਦੇਰੀ ਹੋਈ ਹੈ ਤਾਂ ਉਸ ਤੋਂ ਵੀ ਜਵਾਬ ਤਲਬ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਤੁਰੰਤ ਡੀਐੱਸਪੀ ਦਲਬੀਰ ਸਿੰਘ ਸਿੱਧੂ ਨੂੰ ਕਾਰਵਾਈ ਕਰ ਕੇ ਰਿਪੋਰਟ ਦੇਣ ਲਈ ਕਿਹਾ ਹੈ।