
Skip to content

ਫੁੱਟਬਾਲ ਮੈਚ ਦੌਰਾਨ ਅਸਮਾਨੀ ਬਿਜਲੀ ਡਿੱਗਣ ਨਾਲ 24 ਸਾਲਾ ਖਿਡਾਰੀ ਦੀ ਮੌਤ, 12 ਝੁਲਸੇ
ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ) : ਥਾਈਲੈਂਡ ਦੇ ਨਰਾਥੀਵਾਤ ਸੂਬੇ ਦੇ ਸ਼ਾਂਤੀਪਾਪ ਸਟੇਡੀਅਮ ਵਿੱਚ ‘ਗੋਲੋਕ ਕੱਪ’ ਖੇਤਰੀ ਫੁੱਟਬਾਲ ਟੂਰਨਾਮੈਂਟ ਦੌਰਾਨ ਵਾਪਰੇ ਦਰਦਨਾਕ ਹਾਦਸੇ ਵਿੱਚ 24 ਸਾਲਾ ਖਿਡਾਰੀ ਸਫਵਾਨ ਆਵਾਏ ਦੀ ਮੌਤ ਹੋ ਗਈ, ਜਦਕਿ 12 ਹੋਰ ਖਿਡਾਰੀ ਬਿਜਲੀ ਦੀ ਲਪੇਟ ਵਿੱਚ ਆ ਕੇ ਝੁਲਸ ਗਏ।
ਜਾਣਕਾਰੀ ਮੁਤਾਬਕ ਮੈਚ ਦੌਰਾਨ ਅਚਾਨਕ ਤੇਜ਼ ਮੌਨਸੂਨੀ ਬਾਰਿਸ਼ ਸ਼ੁਰੂ ਹੋ ਗਈ। ਇਸ ਦੌਰਾਨ ਖਿਡਾਰੀ ਮੈਦਾਨ ਵਿੱਚ ਹੀ ਮੌਜੂਦ ਸਨ ਕਿ ਅਚਾਨਕ ਉਨ੍ਹਾਂ ਦੇ ਨੇੜੇ ਅਸਮਾਨੀ ਬਿਜਲੀ ਆ ਡਿੱਗੀ। ਸਾਹਮਣੇ ਆਈ ਵੀਡੀਓ ਫੁਟੇਜ ਵਿੱਚ ਵੀ ਬਿਜਲੀ ਡਿੱਗਣ ਤੋਂ ਬਾਅਦ ਮੈਦਾਨ ਵਿੱਚ ਧੂੰਏਂ ਦੇ ਗੁਬਾਰ ਅਤੇ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਹਨ।
ਬਿਜਲੀ ਦੀ ਲਪੇਟ ਵਿੱਚ ਆਉਂਦੇ ਹੀ ਸਫਵਾਨ ਆਵਾਏ ਮੈਦਾਨ ਵਿੱਚ ਡਿੱਗ ਪਿਆ। ਦਰਸ਼ਕਾਂ ਅਤੇ ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਐਮਰਜੈਂਸੀ ਮੈਡੀਕਲ ਟੀਮ ਨੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਹਸਪਤਾਲ ਪਹੁੰਚਾਇਆ, ਪਰ ਗੰਭੀਰ ਸੱਟਾਂ ਕਾਰਨ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।
ਪੁਲਿਸ ਮੁਖੀ ਥੁਨ ਸਿਰੀਖੁੰਤ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਐਮਰਜੈਂਸੀ ਮੈਡੀਕਲ ਟੀਮ ਵੱਲੋਂ ਖਿਡਾਰੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਗੰਭੀਰ ਸੱਟਾਂ ਕਾਰਨ ਉਸ ਨੇ ਦਮ ਤੋੜ ਦਿੱਤਾ।
ਪੁਲਿਸ ਮੁਤਾਬਕ ਹਾਦਸੇ ਵਿੱਚ 12 ਹੋਰ ਲੋਕ ਵੀ ਬਿਜਲੀ ਦੀ ਲਪੇਟ ਵਿੱਚ ਆ ਕੇ ਝੁਲਸ ਗਏ। ਇਨ੍ਹਾਂ ਵਿੱਚ 22 ਸਾਲਾ ਮਲੇਸ਼ੀਅਨ ਫੁੱਟਬਾਲਰ ਅਲਿਫ਼ ਇਜ਼ਾਹਾਨ ਜ਼ੁਲਕਿਫਲੀ ਵੀ ਸ਼ਾਮਲ ਹੈ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਖਿਡਾਰੀ ਸਫਵਾਨ ਆਵਾਏ ਨੇ ਹਾਲ ਹੀ ਵਿੱਚ ‘ਥਾਈ ਲੀਗ 3 ਸਾਊਥਰਨ ਰੀਜ਼ਨ’ ਵਿੱਚ ਖੇਡਣ ਵਾਲੇ ਕਲੱਬ ‘ਐੱਫਸੀ ਯਾਲਾ’ ਨਾਲ ਕਰਾਰ ਕੀਤਾ ਸੀ। ਇਸ ਹਾਦਸੇ ਨੇ ਖੇਡ ਜਗਤ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ।

Related