Skip to content
ਗੁਰੂਹਰਸਹਾਏ: ਗੁਰੂਹਰਸਹਾਏ ਵਿਚ ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਧੜੀ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇਕ ਨੌਜਵਾਨ ਨੂੰ ਜਰਮਨ ਭੇਜਣ ਦਾ ਝਾਂਸਾ ਦੇ ਕੇ 5 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਇਸ ਸਬੰਧੀ ਥਾਣਾ ਗੁਰੂਹਰਸਹਾਏ ਪੁਲਿਸ ਨੇ ਤਿੰਨ ਲੋਕਾਂ ਖਿਲਾਫ 318 (2), 61 (2) ਬੀਐੱਨਐੱਸ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਬੀੜ ਹਰਬੰਸਪੁਰਾ, ਤਹਿਸੀਲ ਗੁਰੂਹਰਸਹਾਏ ਦੇ ਵਸਨੀਕ ਜਗਪ੍ਰੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਨੇ ਇੱਕ ਦਰਖਾਸਤ (ਯੂਆਈਡੀ ਨੰਬਰ 576240, ਮਿਤੀ 18 ਅਪ੍ਰੈਲ 2025) ਰਾਹੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ।
ਜਗਪ੍ਰੀਤ ਸਿੰਘ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਸੁਖਦੇਵ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਫਤਿਹਗੜ੍ਹ ਗਹਿਰੀ, ਸੁਨੀਤਾ ਰਾਣੀ ਪਤਨੀ ਗੁਰਬਚਨ ਸਿੰਘ ਅਤੇ ਗੁਰਬਚਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਬੋਹੜੀਆਂ ਨੇ ਉਸ ਨੂੰ ਵਿਦੇਸ਼ ਜਰਮਨ ਭੇਜਣ ਦਾ ਝਾਂਸਾ ਦਿੱਤਾ। ਇਨ੍ਹਾਂ ਤਿੰਨਾਂ ਨੇ ਜਗਪ੍ਰੀਤ ਤੋਂ 5 ਲੱਖ ਰੁਪਏ ਦੀ ਰਕਮ ਲੈ ਲਈ, ਪਰ ਨਾ ਤਾਂ ਉਸਨੂੰ ਜਰਮਨ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਜਾਂਚਕਰਤਾ ਜਸਪਾਲ ਸਿੰਘ ਨੇ ਅੱਗੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਜਗਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਤਿੰਨੋਂ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਗੱਲ ਕਹੀ ਗਈ ਹੈ।
Related