ਬਲਾਚੌਰ /ਪੌਜੇਵਾਲ (ਜਤਿੰਦਰ ਪਾਲ ਸਿੰਘ ਕਲੇਰ ) -ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ਮਨਾਏ ਜਾ ਰਹੇ ਆਜ਼ਾਦੀ ਦਾ ਅਮਿ੍ਰਤ ਮਹਾਂਉਤਸਵ ਤਹਿਤ ਅੱਜ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ‘ਉਜਵਲ ਭਾਰਤ ਉਜਵਲ ਭਵਿੱਖ: ਊਰਜਾ 2047’ ਤਹਿਤ ਬਿਜਲੀ ਮੰਤਰਾਲਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਪੰਜਾਬ ਰਾਜ ਪਾਵਰ ਟਰਾਂਸਮਿਸ਼ਨ ਲਿਮਟਿਡ, ਐਸ ਜੇ ਵੀ ਐਨ ਲਿਮਿਟਡ ਸ਼ਿਮਲਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ‘ਬਿਜਲੀ ਮਹਾਂਉਤਸਵ’ ਮਨਾਇਆ ਗਿਆ। ਇਸ ਸਮਾਗਮ ਵਿੱਚ ਦੇਸ਼ ਅਤੇ ਪੰਜਾਬ ਵੱਲੋਂ ਇਨ੍ਹਾਂ ਸਾਲਾਂ ਵਿੱਚ ‘ਉਜਵਲ ਭਾਰਤ ਉਜਵਲ ਭਵਿੱਖ’ ਤਹਿਤ ਕੀਤੇ ਗਏ ਬਿਜਲੀ ਸੁਧਾਰਾਂ ਅਤੇ ਉਪਰਾਲਿਆਂ ਦੀ ਜਾਣਕਾਰੀ ਦਿੱਤੀ ਗਈ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਬਲਾਚੌਰ ਹਲਕੇ ਦੇ ਵਿਧਾਇਕ ਸ੍ਰੀਮਤੀ ਸੰਤੋਸ਼ ਕੁਮਾਰੀ ਕਟਾਰੀਆ ਨੇ ਰਸਮੀ ਤੌਰ ’ਤੇ ਸ਼ਮਾ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਐਸ ਡੀ ਐਮ ਬਲਾਚੌਰ ਸੂਬਾ ਸਿੰਘ, ਡਿਪਟੀ ਚੀਫ਼ ਇੰਜੀਨੀਅਰ ਨਵਾਂਸ਼ਹਿਰ ਸਰਕਲ ਇੰਜ. ਕੁਲਵਿੰਦਰ ਸਿੰਘ ਅਤੇ ਸਕੂਲ ਦੇ ਪਿ੍ਰੰਸੀਪਲ ਰਵਿੰਦਰ ਕੁਮਾਰ ਤੋਂ ਇਲਾਵਾ ਐਸ ਜੇ ਵੀ ਐਨ ਲਿਮਿਟਡ ਸ਼ਿਮਲਾ ਦੇ ਸੀਨੀਅਰ ਏ ਜੀ ਐਮ ਆਰ ਪੀ ਐਸ ਸਿੱਧੂ ਵੀ ਮੌਜੂਦ ਸਨ।
ਸਮਾਗਮ ਨੂੰ ਸੰਬੋਧਨ ਕਰਦਿਆ ਐਮ ਐਲ ਏ ਸੰਤੋਸ਼ ਕੁਮਾਰੀ ਕਟਾਰੀਆ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਬਿਜਲੀ ਦੇ ਖੇਤਰ ਵਿੱਚ ਦੇਸ਼ ’ਚ ਅਨੇਕਾਂ ਸੁਧਾਰ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾਂ ਵਾਂਗ ਬਿਜਲੀ ਸੁਧਾਰਾਂ ’ਚ ਵੀ ਦੇਸ਼ ਵਾਸਤੇ ਰਾਹ ਦਸੇਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਰਾਜ ਬਿਜਲੀ ਸਪਲਾਈ ਨੈਟਵਰਕ ਨੂੰ ਲਗਾਤਾਰ ਸੁਧਾਰਿਆ ਜਾ ਰਿਹਾ ਹੈ ਤਾਂ ਲੋਕਾਂ ਨੂੰ ਮਜ਼ਬੂਤ ਨੈਟਵਰਕ ਰਾਹੀਂ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਸਕੇ।
ਉਨ੍ਹਾਂ ਦੱਸਿਆ ਕਿ ਪੰਜਾਬ ਸੂਬੇ ਨੇ ਹੀ ਸਭ ਤੋਂ ਪਹਿਲਾਂ ਘਰੇਲੂ ਅਤੇ ਖੇਤੀਬਾੜੀ ਸਪਲਾਈ ਨੂੰ ਅਲੱਗ ਕਰਨ ਦਾ ਬੀੜਾ ਚੁੱਕਿਆ। ਉਨ੍ਹਾਂ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਘਰੇਲੂ ਬਿਜਲੀ ਖਪਤਕਾਰਾਂ ਨੂੰ ਦੋ ਮਹੀਨਿਆਂ ਦੇ 600 ਯੂਨਿਟ ਬਿਜਲੀ ਮੁਆਫ਼ ਕਰਨ ਦੇ ਉਪਰਾਲੇ ਨੂੰ ਗਰੀਬ ਲੋਕਾਂ ਲਈ ਸਭ ਤੋਂ ਵੱਡੀ ਖੁਸ਼ੀ ਕਰਾਰ ਦਿੱਤਾ। ਉਨ੍ਹਾਂ ਪਾਵਰਕਾਮ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਬੇਹਤਰੀਨ ਬਿਜਲੀ ਸਪਲਾਈ ਨੈਟਵਰਕ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ।
ਐਸ ਡੀ ਐਮ ਸੂਬਾ ਸਿੰਘ ਨੇ ਇਸ ਮੌਕੇ ਆਪਣੇ ਸੰਬੋਧਨ ’ਚ ਕਿਹਾ ਕਿ ਅਸੀਂ ਅੱਜ ਉਸ ਸਮੇਂ ’ਚ ਹਾਂ, ਜਿੱਥੇ ਸੁੱਖ-ਸਹੂਲਤਾਂ ਉਪਲਬਧ ਹਨ। ਉਨ੍ਹਾਂ ਕਿਹਾ ਕਿ ਅੱਜ ਬਿਜਲੀ ਦੀ ਬਹੁਤਾਤ ਕਾਰਨ ਹੀ ਵਿਕਾਸ ਸੰਭਵ ਹੋ ਪਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਬਿਜਲੀ ਉਤਪਾਦਨ ਲਈ ਵਰਤੇ ਜਾਂਦੇ ਬਾਲਣ ਦੇ ਲੁਪਤ ਹੋਣ ਅਤੇ ਮਹਿੰਗੇ ਹੋਣ ਦੀ ਸਮੱਸਿਆ ਨਾਲ ਨਿਪਟਣ ਲਈ ਸੂਰਜੀ ਊਰਜਾ ਜਿਹੇ ਬਦਲ ਨੂੰ ਵੀ ਅਪਣਾਈਏ। ਉਨ੍ਹਾਂ ਕਿਹਾ ਕਿ ਕੁਦਰਤੀ ਸਰੋਤਾਂ ਨੂੰ ਬਚਾਉੁਣ ਲਈ ਸਾਨੂੰ ਬਿਜਲੀ ਦੀ ਬੱਚਤ ਅਤੇ ਸੂਰਜੀ ਊਰਜਾ ਵੱਲ ਜਾਣਾ ਪਵੇਗਾ।
ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਸਵਾਗਤੀ ਗੀਤ, ਲੋਕ ਗੀਤ, ਦੇਸ਼ ਭਗਤੀ ਗੀਤ, ਗਿੱਧੇ ਦੀ ਪੇਸ਼ਕਾਰੀ ਕਰਕੇ ਆਪਣੀ ਹਾਜ਼ਰੀ ਲਗਵਾਈ ਗਈ। ਬਿਜਲੀ ਖ਼ਪਤਕਾਰ ਜੋ ਵੱਖ-ਵੱਖ ਸਕੀਮਾਂ ਤਹਿਤ ਬਿਜਲੀ ਵਿਭਾਗ ਦੇ ਲਾਭਪਾਤਰੀ ਵੀ ਹਨ, ਵੱਲੋਂ ਆਪਣੇ ਤਜਰਬੇ ਵੀ ਸਾਂਝੇ ਕੀਤੇ ਗਏ।
ਇਸ ਮੌਕੇ ਦੇਸ਼ ’ਚ ਬਿਜਲੀ ਸੁਧਾਰਾਂ ’ਤੇ ਬਣਾਈ ਗਈ ਵੀਡਿਓ ਫ਼ਿਲਮ ਵਿੱਚ ਦੱੱਸਿਆ ਕਿ ਬਿਜਲੀ ਉਤਪਾਦਨ ਸਮਰੱਥਾ 2014 ਵਿੱਚ 2,48,554 ਮੈਗਾਵਾਟ ਤੋਂ ਵਧਾ ਕੇ ਅੱਜ 4,00,000 ਮੈਗਾਵਾਟ ਹੋ ਗਈ ਜੋ ਸਾਡੀ ਮੰਗ ਨਾਲੋਂ 1,85,000 ਮੈਗਾਵਾਟ ਵੱਧ ਹੈ। ਭਾਰਤ ਹੁਣ ਆਪਣੇ ਗੁਆਂਢੀ ਦੇਸ਼ਾਂ ਨੂੰ ਬਿਜਲੀ ਨਿਰਯਾਤ ਕਰ ਰਿਹਾ ਹੈ। ਇਸੇ ਤਰ੍ਹਾਂ 01,63,000 ਸਰਕਟ ਕਿਲੋਮੀਟਰ ਟਰਾਂਸਮਿਸ਼ਨ ਲਾਈਨਾਂ ਰਾਹੀਂ ਪੂਰੇ ਦੇਸ਼ ਨੂੰ ਇੱਕ ਗਰਿਡ ਨਾਲ ਜੋੜਿਆ ਗਿਆ ਹੈ। ਲੱਦਾਖ ਤੋਂ ਕੰਨਿਆਕੁਮਾਰੀ ਤੱਕ ਅਤੇ ਕੱਛ ਤੋਂ ਮਿਆਂਮਾਰ ਦੀ ਸਰਹੱਦ ਤੱਕ ਇਹ ਦੁਨੀਆਂ ਦਾ ਸਭ ਤੋਂ ਵੱਡਾ ਏਕੀਕਿ੍ਰਤ ਗਰਿੱਡ ਬਣ ਕੇ ਉਭਰਿਆ ਹੈ। ਇਸ ਗਰਿੱਡ ਦੀ ਵਰਤੋਂ ਕਰ ਕੇ 1,12,000 ਮੈਗਾਵਾਟ ਬਿਜਲੀ ਦੇਸ਼ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਪੁੱਜ ਸਕਦੀ ਹੈ। ਅੱਜ ਨਵਿਆਉਣਯੋਗ ਊਰਜਾ ਸਰੋਤਾਂ ਰਾਹੀਂ 1,63,000 ਮੈਗਾਵਾਟ ਬਿਜਲੀ ਪੈਦਾ ਹੁੰਦੀ ਹੈ। ਦੇਸ਼ ਅੱਜ ਦੁਨੀਆਂ ਵਿੱਚ ਤੇਜ਼ੀ ਨਾਲ ਨਵਿਆਉਣਯੋਗ ਊਰਜਾ ਸਮਰੱਥਾ ਨੂੰ ਸਥਾਪਿਤ ਕਰ ਰਿਹਾ ਹੈ। ਇਸ ਤੋਂ ਇਲਾਵਾ 02 ਲੱਖ 1,722 ਕਰੋੜ ਰੁਪਏ ਦੇ ਕੁੱਲ ਖਰਚੇ ਨਾਲ ਪਿਛਲੇ ਪੰਜ ਸਾਲਾਂ ਵਿੱਚ ਵੰਡ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 2,921 ਨਵੇਂ ਸਬ-ਸਟੇਸ਼ਨ ਬਣਾ ਕੇ, 3,926 ਸਬ-ਸਟੇਸ਼ਨਾਂ ਨੂੰ ਵਧਾ ਕੇ, 6,04,465 ਈ.ਕੇ.ਐਮ. ਐਲ.ਟੀ.ਲਾਈਨਾਂ ਸਥਾਪਤ ਕਰਕੇ, 2,68,8138 ਕੇ.ਵੀ.ਐਚ. ਟੀ. ਲਾਈਨਾਂ, 1,22,123 ਸੀ.ਕੇ.ਐਮ. ਦਾ ਫੀਡਰ ਵੱਖਰਾ ਤੇ ਖੇਤੀਬਾੜੀ ਫੀਡਰ ਅਤੇ ਇੰਸਟਾਲ ਕਰਨਾ ਸ਼ਾਮਿਲ ਹੈ। 2015 ਵਿੱਚ ਪੇਂਡੂ ਖੇਤਰਾਂ ਵਿੱਚ ਸਪਲਾਈ ਦੇ ਔਸਤ ਘੰਟੇ 12.5 ਘੰਟੇ ਸਨ ਜੋ ਹੁਣ ਵਧ ਕੇ ਔਸਤ 22.5 ਘੰਟੇ ਹੋ ਗਏ ਹਨ।