ਕੱਚੇ ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਗਿਰਾਵਟ ਦੇ ਵਿਚਕਾਰ ਪੈਟਰੋਲੀਅਮ ਸਕੱਤਰ ਪੰਕਜ ਜੈਨ ਨੇ ਵੀਰਵਾਰ ਨੂੰ ਸੰਕੇਤ ਦਿੱਤਾ ਹੈ ਕਿ ਜੇਕਰ ਅੰਤਰਰਾਸ਼ਟਰੀ ਬਾਜ਼ਾਰ ‘ਚ ਲੰਬੇ ਸਮੇਂ ਤੱਕ ਤੇਲ ਦੀਆਂ ਕੀਮਤਾਂ ਘੱਟ ਰਹਿੰਦੀਆਂ ਹਨ ਤਾਂ ਤੇਲ ਮਾਰਕੀਟਿੰਗ ਕੰਪਨੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾ ਸਕਦੀਆਂ ਹਨ। ਇਹ ਟਿੱਪਣੀ ਅਜਿਹੇ ਸਮੇਂ ‘ਚ ਆਈ ਹੈ, ਜਦੋਂ ਕੱਚਾ ਤੇਲ ਤਿੰਨ ਸਾਲ ਦੇ ਹੇਠਲੇ ਪੱਧਰ ‘ਤੇ ਪਹੁੰਚ ਗਿਆ ਅਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਫਿਰ ਤੋਂ ਕਟੌਤੀ ਕੀਤੇ ਜਾਣ ਦੀ ਸੰਭਾਵਨਾ ਹੈ।ਪਿਛਲੀ ਵਾਰ 15 ਮਾਰਚ 2024 ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਸੀ। ਹੁਣ ਹਰਿਆਣਾ ਅਤੇ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਵੀ ਹਨ, ਜਿਸ ਕਾਰਨ ਕੀਮਤਾਂ ‘ਚ ਹੋਰ ਕਟੌਤੀ ਹੋਣ ਦੀ ਸੰਭਾਵਨਾ ਹੈ।
ਪੈਟਰੋਲ 10 ਰੁਪਏ ਅਤੇ ਡੀਜ਼ਲ 6-8 ਰੁਪਏ ਹੋ ਸਕਦਾ ਹੈ ਸਸਤਾ
ਪੈਟਰੋਲੀਅਮ ਮੰਤਰਾਲੇ ਦੇ ਪੈਟਰੋਲੀਅਮ ਯੋਜਨਾ ਅਤੇ ਵਿਸ਼ਲੇਸ਼ਣ ਸੈੱਲ (ਪੀਪੀਏਸੀ) ਦੇ ਅੰਕੜਿਆਂ ਅਨੁਸਾਰ, ਪਿਛਲੇ ਛੇ ਮਹੀਨਿਆਂ ਵਿੱਚ ਭਾਰਤੀ ਟੋਕਰੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ 20.61% ਦੀ ਗਿਰਾਵਟ ਆਈ ਹੈ। ਅਪ੍ਰੈਲ 2024 ਵਿੱਚ ਇਹ $89.44 ਪ੍ਰਤੀ ਬੈਰਲ ਸੀ, ਜੋ ਹੁਣ $71 ਪ੍ਰਤੀ ਬੈਰਲ ਹੈ। ਇਸ ਦੇ ਬਾਵਜੂਦ ਪਿਛਲੇ 30 ਮਹੀਨਿਆਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਸਿਰਫ਼ ਦੋ ਵਾਰ ਕਟੌਤੀ ਕੀਤੀ ਗਈ ਹੈ।
ਤੇਲ ਕੰਪਨੀਆਂ ਦਾ ਲਾਭ ਅਤੇ ਰਿਫਾਇਨਿੰਗ ਮਾਰਜਿਨ
ਤੇਲ ਕੰਪਨੀਆਂ ਨੇ ਰਿਫਾਇਨਰੀ ਮਾਰਜਿਨ ਤੋਂ ਚੰਗੀ ਕਮਾਈ ਕੀਤੀ ਹੈ। 2022-23 ਵਿੱਚ, ਕੰਪਨੀਆਂ ਨੇ ਇੱਕ ਬੈਰਲ ਤੇਲ ਨੂੰ ਸ਼ੁੱਧ ਕਰਨ ‘ਤੇ $18 (9.57 ਰੁਪਏ/ਲੀਟਰ) ਦਾ ਮੁਨਾਫਾ ਕਮਾਇਆ, ਜਦੋਂ ਕਿ 2023-24 ਵਿੱਚ ਇਹ ਮਾਰਜਨ 6.50 ਰੁਪਏ ਪ੍ਰਤੀ ਲੀਟਰ ਰਿਹਾ। ਜੇਕਰ ਕੰਪਨੀਆਂ ਇਸ ਮਾਰਜਿਨ ਦਾ ਅੱਧਾ ਮੁਨਾਫਾ ਵੀ ਗਾਹਕਾਂ ਨੂੰ ਦਿੰਦੀਆਂ ਹਨ ਤਾਂ ਪੈਟਰੋਲ 10 ਰੁਪਏ ਅਤੇ ਡੀਜ਼ਲ 6-8 ਰੁਪਏ ਪ੍ਰਤੀ ਲੀਟਰ ਸਸਤਾ ਹੋ ਸਕਦਾ ਹੈ।
33.58 ਕਰੋੜ ਲੋਕਾਂ ਨੂੰ ਮਿਲੇਗਾ ਫਾਇਦਾ, ਮਹਿੰਗਾਈ ਹੋਵੇਗੀ ਕਾਬੂ
ਦੇਸ਼ ਵਿੱਚ 27 ਕਰੋੜ ਦੋਪਹੀਆ ਵਾਹਨ, 58 ਲੱਖ ਭਾਰੀ ਵਾਹਨ ਅਤੇ 6 ਕਰੋੜ ਨਿੱਜੀ ਵਾਹਨ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕਟੌਤੀ ਦਾ ਸਿੱਧਾ ਫਾਇਦਾ ਇਨ੍ਹਾਂ ਵਾਹਨਾਂ ਦੇ ਮਾਲਕਾਂ ਨੂੰ ਹੋਵੇਗਾ। ਇਸ ਦੇ ਨਾਲ ਹੀ ਮਾਲ ਭਾੜੇ ‘ਚ ਕਟੌਤੀ ਨਾਲ ਵਸਤੂਆਂ ਦੀਆਂ ਕੀਮਤਾਂ ‘ਚ ਵੀ ਕਮੀ ਆਵੇਗੀ, ਜਿਸ ਨਾਲ ਮਹਿੰਗਾਈ ‘ਤੇ ਕਾਬੂ ਪਾਇਆ ਜਾ ਸਕੇਗਾ।
ਦੀਵਾਲੀ ਤੇ ਚੋਣ ਤੋਹਫ਼ਿਆਂ ਦੀ ਆਸ
ਪਿਛਲੀ ਵਾਰ ਹੋਲੀ ਦੇ ਮੌਕੇ ‘ਤੇ ਮਾਰਚ 2024 ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਗਈ ਸੀ, ਜਿਸ ਤੋਂ ਬਾਅਦ ਲੋਕ ਸਭਾ ਚੋਣਾਂ ਹੋਈਆਂ ਸਨ। ਹੁਣ ਤਿਉਹਾਰਾਂ ਦੇ ਸੀਜ਼ਨ ਅਤੇ ਚੋਣਾਂ ਦੇ ਮੱਦੇਨਜ਼ਰ ਅਕਤੂਬਰ ਵਿੱਚ ਸੰਭਾਵਿਤ ਕਟੌਤੀ ਨੂੰ ਦੀਵਾਲੀ ਅਤੇ ਚੋਣ ਤੋਹਫ਼ੇ ਵਜੋਂ ਦੇਖਿਆ ਜਾ ਸਕਦਾ ਹੈ।