
Skip to content

ਜਰਮਨੀ ‘ਚ ਗਰਮੀ ਦਾ ਕਹਿਰ, ਹੀਟਵੇਵ ਕਾਰਨ 9,800 ਲੋਕਾਂ ਦੀ ਮੌਤ
ਬਰਲਿਨ (ਅਰਸ਼ਦੀਪ ਸਿੰਘ ਕਾਲੜਾ) :- ਦੁਨੀਆ ਭਰ ਵਿੱਚ ਹੀਟਵੇਵ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ ਅਤੇ ਇਸ ਸਾਲ ਯੂਰਪ ਭਿਆਨਕ ਗਰਮੀ ਦੀ ਚਪੇਟ ਵਿੱਚ ਹੈ। ਜਰਮਨੀ ਤੋਂ ਸਾਹਮਣੇ ਆਏ ਤਾਜ਼ਾ ਅੰਕੜਿਆਂ ਨੇ ਚਿੰਤਾ ਹੋਰ ਵਧਾ ਦਿੱਤੀ ਹੈ। ਜਰਮਨ ਸਿਹਤ ਅਥਾਰਟੀ ਰਾਬਰਟ ਕੋਚ ਇੰਸਟੀਚਿਊਟ (RKI) ਦੀ ਹਫ਼ਤਾਵਾਰੀ ਰਿਪੋਰਟ ਮੁਤਾਬਕ, ਇਸ ਸਾਲ ਹੁਣ ਤੱਕ ਗਰਮੀ ਨਾਲ ਸਬੰਧਤ ਕਾਰਨਾਂ ਕਰਕੇ ਅੰਦਾਜ਼ਨ 9,800 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਰਿਪੋਰਟ ਅਨੁਸਾਰ, ਦੇਸ਼ ਦੇ ਕਈ ਹਿੱਸਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਪਾਰ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਤਾਪਮਾਨ ਵਧ ਰਿਹਾ ਹੈ, ਤਿਵੇਂ-ਤਿਵੇਂ ਸਿਹਤ ਸੰਬੰਧੀ ਖਤਰੇ ਵੀ ਗੰਭੀਰ ਹੁੰਦੇ ਜਾ ਰਹੇ ਹਨ।
ਅੰਕੜਿਆਂ ਮੁਤਾਬਕ, ਗਰਮੀ ਕਾਰਨ ਹੋਈਆਂ ਮੌਤਾਂ ਵਿੱਚ ਸਭ ਤੋਂ ਵੱਧ 85 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਪ੍ਰਭਾਵਿਤ ਹੋਏ ਹਨ। ਇਸ ਉਮਰ ਵਰਗ ਵਿੱਚ 5,420 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਦਕਿ 65 ਸਾਲ ਤੋਂ ਘੱਟ ਉਮਰ ਦੇ 630 ਲੋਕਾਂ ਦੀ ਵੀ ਜਾਨ ਗਰਮੀ ਕਾਰਨ ਚਲੀ ਗਈ।
ਆਰਕੇਆਈ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਔਸਤ ਹਫ਼ਤਾਵਾਰੀ ਤਾਪਮਾਨ 20 ਡਿਗਰੀ ਸੈਲਸੀਅਸ ਤੋਂ ਉੱਪਰ ਚਲਾ ਜਾਂਦਾ ਹੈ ਤਾਂ ਮੌਤ ਦਰ ਵਿੱਚ ਸਪੱਸ਼ਟ ਵਾਧਾ ਦੇਖਣ ਨੂੰ ਮਿਲਦਾ ਹੈ। ਹੀਟਵੇਵ ਦੇ ਪ੍ਰਭਾਵ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ, ਸਕੂਲ ਬੰਦ ਕਰਨੇ ਪਏ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਅਤੇ ਬਿਨਾਂ ਲੋੜ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਜਲਵਾਯੂ ਪਰਿਵਰਤਨ ਕਾਰਨ ਅਜਿਹੀਆਂ ਭਿਆਨਕ ਗਰਮੀ ਦੀਆਂ ਲਹਿਰਾਂ ਦੀ ਗਿਣਤੀ ਅਤੇ ਤੀਬਰਤਾ ਦੋਵੇਂ ਵਧ ਰਹੀਆਂ ਹਨ, ਜਿਸ ਕਾਰਨ ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਲੋਕਾਂ ਲਈ ਖ਼ਤਰਾ ਹੋਰ ਵੱਧ ਗਿਆ ਹੈ।

Related