ਅਲਵਿਦਾ ‘ਰਾਜਵੀਰ’। ਗਾਇਕੀ ਦੇ ਰਾਜ ਦਾ ਅੰਤ ਹੋ ਗਿਆ ਤੇ ਸੁਰਾਂ ਦਾ ਚਿਰਾਗ ਹਮੇਸ਼ਾ ਲਈ ਬੁਝ ਗਿਆ। ਪੰਜਾਬ ਦਾ ਸੋਹਣਾ ਗੱਭਰੂ ਰਾਜਵੀਰ ਜਵੰਦਾ ਪੰਜ ਤੱਤਾਂ ਵਿਚ ਵਿਲੀਨ ਹੋ ਗਿਆ। ਇਸ ਮੌਕੇ ਮਾਂ, ਪਤਨੀ ਸਣੇ ਉਥੇ ਮੌਜੂਦ ਹਰ ਇਕ ਬੰਦੇ ਦੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸੀ। ਹਰ ਕਿਸੇ ਦੀ ਅੱਖ ਨਮ ਸੀ। ਰਾਜਵੀਰ ਜਵੰਦਾ ਦੇ ਜਾਣ ਨਾਲ ਪੰਜਾਬੀ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਜਵੰਦਾ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੇ ਸਨ। ਅੰਤਿਮ ਰਸਮਾਂ ਵਿਚ ਵੀ ਉਨ੍ਹਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਦੇ ਮਾਣਮੱਤੇ ਕਲਾਕਾਰ ਰਾਜਵੀਰ ਜਵੰਦਾ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸੀ ਜੋ ਘਾਟਾ ਪਰਿਵਾਰ ਤੇ ਸੰਗੀਤ ਜਗਤ ਲਈ ਨਾ ਪੂਰਾ ਹੋਣ ਵਾਲਾ ਹੈ। ਅੱਜ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਪੋਨਾ (ਜਗਰਾਓਂ) ਵਿਖੇ ਅੰਤਿਮ ਸਸਕਾਰ ਵਿਚ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ ਵਿਚ ਨਿਵਾਸ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਰਾਜਵੀਰ ਜਵੰਦਾ ਦਾ ਪੰਜਾਬ ਤੇ ਪੰਜਾਬੀਆਂ ਲਈ ਪਾਇਆ ਅਣਮੁੱਲਾ ਯੋਗਦਾਨ ਹਮੇਸ਼ਾ ਅਭੁੱਲ ਰਹੇਗਾ। ਸਸਕਾਰ ਤੋਂ ਪਹਿਲਾਂ ਰਾਜਵੀਰ ਦੀ ਆਖਰੀ ਤਸਵੀਰ ਵੀ ਸਾਹਮਣੇ ਆਈ ਸੀ ਜਿਸ ਵਿਚ ਉਨ੍ਹਾਂ ਨੇ ਪੱਗ ਨਾਲ ਮੈਚਿੰਗ ਟਾਈਪ ਬੰਨ੍ਹੀ ਹੋਈ ਹੈ। ਰਾਜਵੀਰ ਜਵੰਦਾ ਨੇ ਭਰੀ ਜਵਾਨੀ ‘ਚ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਵੱਡੀ ਗਿਣਤੀ ਵਿਚ ਸਾਥੀ ਕਲਾਕਾਰ ਤੇ ਮਿੱਤਰ, ਸਬੰਧੀ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ। ਰਾਜਵੀਰ ਜਵੰਦਾ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਦੇ ਹੀ ਸਰਕਾਰੀ ਸਕੂਲ ਦੀ ਗਰਾਊਂਡ ਵਿਚ ਕੀਤਾ ਗਿਆ। ਇਥੇ ਹੀ ਉਨ੍ਹਾਂ ਦੀ ਯਾਦਗਾਰ ਵੀ ਬਣਾਈ ਜਾ ਸਕਦੀ ਹੈ। ਇਥੇ ਹੀ ਉਨ੍ਹਾਂ ਨੇ ਪਹਿਲੀ ਵਾਰ ਗਾਇਆ ਵੀ ਸੀ।